ਲੁਧਿਆਣਾ, 31 ਮਈ (ਜਤਿੰਦਰ ਭੰਬੀ)-ਜਲੰਧਰ-ਬਾਈਪਾਸ ਸਥਿਤ ਪੈਂਦੇ ਇਲਾਕੇ ਸਲੇਮਟਾਬਰੀ ਵਿਖੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਬੱਚੇ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਲਾਕਾ ਵਾਸੀਆਂ ਮੁਤਾਬਿਕ ਬੱਚਾ ਖੇਡਦਾ ਹੋਇਆ ਛੱਤ ਉਪਰ ਚਲਾ ਗਿਆ ਅਤੇ ਘਰ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ | ਧਮਾਕੇ ਦੀ ਆਵਾਜ਼ ਸੁਣ ਦੇ ਲੋਕ ਘਰਾਂ ਤੋਂ ਬਾਹਰ ਆਏ ਅਤੇ ਝੁਲਸੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਬੱਚੇ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ | ਇਲਾਕਾ ਵਾਸੀਆਂ ਮੁਤਾਬਿਕ ਜ਼ੋਰਦਾਰ ਧਮਾਕੇ ਤੋਂ ਬਾਅਦ ਕਈ ਘਰਾਂ ਦੇ ਫ਼ਰਿਜ, ਐਲ.ਈ.ਡੀ., ਏ.ਸੀ. ਸਮੇਤ ਬਿਜਲੀ ਦੇ ਹੋਰ ਉਪਕਰਨ ਸੜ ਗਏ, ਜਿਸ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਘਟਨਾ ਤੋਂ ਬਾਅਦ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਹੈ | ਘਟਨਾ ਉਪਰੰਤ ਮੁਹੱਲੇ ਦੀ ਬਿਜਲੀ ਗੁੱਲ ਹੋ ਗਈ ਅਤੇ ਪੂਰਾ ਇਲਾਕਾ ਹਨੇਰੇ 'ਚ ਡੁੱਬਿਆ ਰਿਹਾ | ਘਟਨਾ ਦੀ ਸੂਚਨਾ ਮਿਲਦਿਆਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਸਪੁੱਤਰ ਕੌਂਸਲਰ ਅਮਨ ਬੱਗਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪੂਰੀ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬੱਚੇ ਦੇ ਇਲਾਜ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਕੌਂਸਲਰ ਅਮਨ ਬੱਗਾ ਨੇ ਤੁਰੰਤ ਪਾਵਰਕਾਮ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਪਾਵਰਕਾਮ ਦੇ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਸੜੇ ਟਰਾਂਸਫਾਰਮਰਾਂ ਤੇ ਮੀਟਰਾਂ ਦੀ ਜਾਂਚ ਕੀਤੀ | ਪਾਵਰਕਾਮ ਮੁਲਾਜ਼ਮ ਦੇਰ ਰਾਤ ਤੱਕ ਇਲਾਕੇ ਦੀ ਬਿਜਲੀ ਬਹਾਲ ਕਰਨ ਲਈ ਪੂਰੀ ਜੱਦੋ ਜਹਿਦ ਵਿਚ ਲੱਗੇ ਹੋਏ ਸਨ |