ਲੁਧਿਆਣਾ, 2 ਜੂਨ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ 24 ਹਜ਼ਾਰ ਏਕੜ ਜ਼ਮੀਨ ਜਬਰੀ ਤੌਰ 'ਤੇ ਐਕਵਾਇਰ ਕਰਨ ਦੇ ਫ਼ੈਸਲੇ ਵਿਰੁੱਧ ਭਾਜਪਾ ਲੁਧਿਆਣਾ ਦਿਹਾਤੀ ਦੇ ਮਹਾ ਮੰਤਰੀ ਸੰਨੀ ਕੈਂਥ ਵਲੋਂ ਕਿਸਾਨਾਂ ਦੇ ਹੱਕ ਵਿਚ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ | ਕੈਂਥ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਰਹੀ ਹੈ ਅਤੇ ਇਸ ਮੁਸ਼ਕਿਲ ਸਮੇਂ ਵਿਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਸਾਨਾਂ ਨੂੰ ਜ਼ਰੂਰਤ ਹੋਵੇਗੀ, ਭਾਜਪਾ ਉਨ੍ਹਾਂ ਦੇ ਹੱਕ 'ਚ ਆਪਣੀ ਡਿਊਟੀ ਨਿਭਾਉਣ ਲਈ ਤਨ ਦੇਹੀ ਨਾਲ ਹਾਜ਼ਰ ਹੋਵੇਗੀ | ਉਨ੍ਹਾਂ ਸੂਬਾ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਜ਼ਮੀਨ ਬਿਨਾਂ ਉਚਿੱਤ ਮੁਆਵਜ਼ੇ ਅਤੇ ਰਾਜ਼ੀਨਾਮੇ ਦੇ ਐਕਵਾਇਰ ਕਰਨਾ ਬੇਇਨਸਾਫ਼ੀ ਹੈ ਅਤੇ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇਗੀ | ਸਨੀ ਕੈਂਥ ਨੇ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਲੁੱਟ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਵਿਕੀ ਬਾਜਵਾ, ਮਨਦੀਪ ਮੱਲ੍ਹਣ, ਨੀਰਜ ਸਹਿਗਲ, ਮਨੀ ਸੱਲਣ, ਜੈਪਾਲ ਸਿੰਘ ਆਦਿ ਮੌਜੂਦ ਸਨ |