12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਤੇ ਪਰਸ ਖੋਹਣ ਵਾਲੇ ਚੋਰ ਲੋਕਾਂ ਦੇ ਹੱਥੇ ਚੜੇ੍ਹ

Ad Position 21
No active advertisement
ਅਜੀਤ ਡੈਸਕ 03-06-2025
ਗੁਰੂਸਰ ਸੁਧਾਰ, 2 ਜੂਨ (ਜਗਪਾਲ ਸਿੰਘ ਸਿਵੀਆਂ)-ਪਿੰਡ ਅਕਾਲਗੜ੍ਹ ਕਲਾਂ ਦੇ ਮੁੱਖ ਬਾਜ਼ਾਰ 'ਚ ਬੀਤੀ ਰਾਤ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਕੰਨ ਦੀਆਂ ਵਾਲੀਆਂ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਦੋ ਚੋਰਾਂ ਨੂੰ ਸਥਾਨਕ ਲੋਕਾਂ ਅਤੇ ਨਿਹੰਗ ਕਰਤਾਰ ਸਿੰਘ ਨੇ ਗਿੱਦੜ ਕੁੱਟ ਕਰਕੇ ਕਾਬੂ ਕਰ ਲਿਆ | ਚੋਰਾਂ ਦੀ ਇਸ ਹਰਕਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਕਰਤਾਰ ਸਿੰਘ ਨੇ ਦੱਸਿਆ ਕਿ ਪਿੰਡ ਟੂਸਾ ਦੀ ਇਕ ਬਜ਼ੁਰਗ ਔਰਤ ਤੋਂ ਦੋ ਨੌਜਵਾਨਾਂ ਨੇ ਖਿੱਚਧੂਹ ਕਰਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ | ਔਰਤ ਦੀ ਆਵਾਜ਼ ਸੁਣ ਕੇ ਨੇੜੇ ਖੜ੍ਹੇ ਨੌਜਵਾਨਾਂ ਨੇ ਚੋਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ੍ਹ ਲਿਆ | ਫੜੇ ਜਾਣ 'ਤੇ ਚੋਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਰੋਧ ਕੀਤਾ ਅਤੇ ਕੁਝ ਲੋਕਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ | ਹਾਲਾਂਕਿ, ਲੋਕਾਂ ਨੇ ਚੋਰਾਂ ਨੂੰ ਥੱਮ੍ਹਲਿਆਂ ਨਾਲ ਬੰਨ੍ਹ ਕੇ ਕਾਬੂ ਕਰ ਲਿਆ | ਚੋਰਾਂ ਦੀ ਪਛਾਣ ਜਗਸੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬੁਰਜ ਹਰੀ ਵਜੋਂ ਹੋਈ | ਉਨ੍ਹਾਂ ਕੋਲੋਂ ਇਕ ਪਲੈਟੀਨਾ ਮੋਟਰਸਾਈਕਲ, ਕਿਰਪਾਨ, ਦਾਤਰ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ | ਜਾਣਕਾਰੀ ਮੁਤਾਬਕ ਇਹ ਚੋਰ ਪਿਛਲੇ ਕੁਝ ਦਿਨਾਂ ਤੋਂ ਇਲਾਕੇ 'ਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ | ਬੀਤੀ ਸ਼ਾਮ ਸਥਾਨਕ ਕੇਬਲ ਅਪਰੇਟਰ ਦੀ ਕੀਮਤੀ ਐਲਮੀਨੀਅਮ ਪੌੜੀ ਵੀ ਚੋਰੀ ਕੀਤੀ ਗਈ ਸੀ | ਸਥਾਨਕ ਲੋਕਾਂ ਨੇ ਚੋਰਾਂ ਨੂੰ ਥਾਣਾ ਸੁਧਾਰ ਪੁਲਿਸ ਦੇ ਹਵਾਲੇ ਕਰ ਦਿੱਤਾ | ਐੱਸ.ਐੱਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਹਰਪ੍ਰੀਤ ਸਿੰਘ ਦੀ ਅਗਵਾਈ 'ਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੇ ਚੋਰਾਂ ਦੇ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ ਅਤੇ ਪੁੱਛਗਿੱਛ ਜਾਰੀ ਹੈ | ਇਲਾਕੇ ਦੇ ਵਸਨੀਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਅਤੇ ਆਸਪਾਸ ਦੇ ਖੇਤਰਾਂ 'ਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ 'ਤੇ ਰੋਕ ਲੱਗ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਘੁੰਮਣ ਲਈ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੇ ਖਿਡਾਰੀ ਦਾ ਕੀਤਾ ਸਨਮਾਨ
Ad Position 24