ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਇਲਾਕੇ ਵਿਚ ਬੀਤੀ ਰਾਤ ਕਾਰ ਸਵਾਰ ਚੋਰਾਂ ਦਾ ਕਹਿਰ ਸੀ ਅਤੇ ਇੱਥੇ ਚੋਰਾਂ ਵਲੋਂ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਉਥੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਅਤੇ ਨਗਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ | ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਚੋਰਾਂ ਨੇ ਨੋਵਾ ਬੇਕਰੀ ਅਤੇ ਬਾਲੀ ਵੇਰਕਾ ਪੁਆਇੰਟ ਨਾਮਕ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਚੋਰੀ ਕਰ ਲਈਆਂ | ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਨਕਾਬਪੋਸ਼ ਚੋਰ ਸਾਫ਼ ਦਿਖਾਈ ਦੇ ਰਹੇ ਹਨ | ਸੀ.ਸੀ. ਟੀਵੀ ਫੁਟੇਜ ਵਿਚ ਚੋਰ ਇਕ ਕਾਰ ਵਿਚ ਆਏ ਅਤੇ ਦੋਵਾਂ ਦੁਕਾਨਾਂ ਦੇ ਸਾਹਮਣੇ ਰੁਕ ਗਏ | ਤਿੰਨ ਨਕਾਬਪੋਸ਼ ਵਿਅਕਤੀ ਕਾਰ ਤੋਂ ਹੇਠਾਂ ਉਤਰੇ, ਜਦੋਂ ਕਿ ਇਕ ਵਿਅਕਤੀ ਕਾਰ ਵਿਚ ਬੈਠਾ ਰਿਹਾ | ਤਿੰਨੋਂ ਸ਼ਟਰ ਤੋੜ ਕੇ ਦੁਕਾਨ ਵਿਚ ਦਾਖਲ ਹੋ ਗਏ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਦਰਾਜ਼ ਵਿਚ ਰੱਖੀ ਨਗਦੀ ਲੈ ਕੇ ਭੱਜ ਗਏ | ਚੰਦਰ ਨਗਰ ਵਿਚ ਰਹਿਣ ਵਾਲੇ ਨੋਵਾ ਬੇਕਰੀ ਦੇ ਮਾਲਕ ਜਤਿਨ ਸੂਦ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ | ਸਵੇਰੇ 4 ਵਜੇ ਦੇ ਕਰੀਬ ਸੁਰੱਖਿਆ ਗਾਰਡ ਨੇ ਫ਼ੋਨ ਕਰਕੇ ਕਿਹਾ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ, ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਚੋਰ ਨਗਦੀ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਸੀ.ਸੀ. ਟੀਵੀ ਵੀ ਚੋਰੀ ਕਰ ਕੇ ਲੈ ਗਏ ਹਨ | ਜੋਸ਼ੀ ਨਗਰ ਵਿਚ ਰਹਿਣ ਵਾਲੇ ਬਾਲੀ ਵੇਰਕਾ ਪੁਆਇੰਟ ਬੇਕਰੀ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ 12 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ | ਸਵੇਰੇ ਕਿਸੇ ਜਾਣਕਾਰ ਨੇ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ, ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੂੰ ਇਹ ਪਤਾ ਲੱਗਾ ਕਿ ਨਗਦੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਚੋਰੀ ਹੋ ਗਈਆਂ ਹਨ | ਉਸ ਨੇ ਇਹ ਵੀ ਦੱਸਿਆ ਕਿ ਚੋਰਾਂ ਨੇ ਨੇੜਲੇ ਕੁੱਤਿਆਂ ਨੂੰ ਕੁੱਝ ਖਾਣ-ਪੀਣ ਦੀਆਂ ਚੀਜ਼ਾਂ ਖੁਆ ਦਿੱਤੀਆਂ ਹਨ | ਪੁਲਿਸ ਜਾਂਚ ਕਰ ਰਹੀ ਹੈ | ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਜਾਂਚ ਕੀਤੀ ਜਾ ਰਹੀ ਹੈ | ਚੋਰੀ ਦੀਆਂ ਇਹਨਾਂ ਘਟਨਾਵਾਂ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ, ਜਿਸ ਕਾਰਨ ਦੁਕਾਨਦਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਪੁਲਿਸ ਦੀ ਗਸ਼ਤ ਨਾ-ਮਾਤਰ ਹੈ, ਜਿਸ ਕਾਰਨ ਚੋਰਾਂ ਵਲੋਂ ਇਹ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ | ਥਾਣਾ ਹੈਬੋਵਾਲ ਦੇ ਐਸ.ਐਚ.ਓ. ਗੁਰਮੁਖ ਸਿੰਘ ਨੇ ਕਿਹਾ ਕਿ ਦੋਵਾਂ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ | ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਲਾਕੇ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਸਕੈਨ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ |