ਲੁਧਿਆਣਾ, 3 ਜੂਨ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਪੱਛਮੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿਚ ਹੋ ਰਹੀਆਂ ਚੋਣ ਮੀਟਿੰਗਾਂ 'ਚ ਹੁੰਦੇ ਲੋਕਾਂ ਦੇ ਭਰਵੇਂ ਇਕੱਠ ਨੇ ਵਿਰੋਧੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਇਹ ਪ੍ਰਗਟਾਵਾ ਹਲਕਾ ਪੱਛਮੀ ਵਿਖੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਦੇ ਹੱਕ ਵਿਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਮਨੀ ਚੋਣ ਦੇ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਅੱਜ ਦਰਜਨ ਤੋਂ ਵਧੇਰੇ ਕੀਤੀਆਂ ਮੀਟਿੰਗਾਂ ਵਿਚ ਲੋਕਾਂ ਦਾ ਭਰਵਾਂ ਸਹਿਯੋਗ ਦੇਖਣ ਨੂੰ ਮਿਲਿਆ | ਆਮ ਆਦਮੀ ਪਾਰਟੀ ਵਲੋਂ ਸਤਾਏ ਲੋਕ ਹੁਣ ਕਾਂਗਰਸ 'ਚ ਆਪਣਾ ਭਵਿੱਖ ਦੇਖ ਰਹੇ ਹਨ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚਰਨਜੀਤ ਚੰਨੀ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਚੋਣ ਮੁਹਿੰਮ ਦੇ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ | ਵਾਰਡ-58 'ਚ ਕੌਂਸਲਰ ਸੰਨੀ ਮਾਸਟਰ ਅਤੇ ਸਾਬਕਾ ਕਾਂਗਰਸੀ ਕੌਂਸਲਰ ਸੁਨੀਲ ਕਪੂਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਉਮੜੀ ਭੀੜ ਤੋਂ ਉਤਸ਼ਾਹਿਤ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੁਧਿਆਣਾ ਖਾਸ ਕਰਕੇ ਪੱਛਮੀ ਵਿਧਾਨ ਸਭਾ ਹਲਕੇ 'ਚ ਚੱਲ ਰਹੀ ਪਰਿਵਰਤਨ ਦੀ ਹਨ੍ਹੇਰੀ ਲੋਕ ਲਹਿਰ ਵਿਚ ਬਦਲ ਰਹੀ ਹੈ | ਇਸੇ ਤਰ੍ਹਾਂ ਹਰਪਾਲ ਨਗਰ ਵਿਖੇ ਬਲਬੀਰ ਕੁਮਾਰ ਅਤੇ ਸ਼ੁਭਮ ਗੁਪਤਾ ਦੇ ਨਿਵਾਸ ਸਥਾਨ 'ਤੇ ਕਰਵਾਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵਿਧਾਨ ਸਭਾ ਪੱਛਮੀ ਲਈ ਆਪਣੇ ਦੁਆਰਾ ਤਿਆਰ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਕੌਂਸਲਰ ਇੰਦਰਜੀਤ ਇੰਦੀ ਦੀ ਅਗਵਾਈ ਹੇਠ ਵਾਰਡ-61 ਸਥਿਤ ਕਿ੍ਸ਼ਨਾ ਨਗਰ ਵਿਖੇ ਮਹਿਲਾ ਸ਼ਕਤੀ ਨੇ 'ਆਪ' ਸਰਕਾਰ ਦੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕੀਤਾ |