ਭਾਮੀਆਂ ਕਲਾਂ/ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਪੰਜਾਬ 'ਚ 37 ਸਾਲਾਂ ਬਾਅਦ ਆਏ ਭਿਆਨਕ ਹੜ੍ਹਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਤਰਨਤਾਰਨ, ਸੁਲਤਾਨਪੁਰ ਲੋਧੀ, ਹੁਸ਼ਿਆਰਪੁਰ, ਡੇਰਾ ਬਾਬਾ ਨਾਨਕ, ਪਠਾਨਕੋਟ ਸਮੇਤ ਮਾਝਾ ਇਲਾਕਾ ਬੁਰੀ ਤਰ੍ਹਾਂ ਨਾਲ ਦਰਿਆ ਬਿਆਸ ਦੀ ਮਾਰ ਹੇਠ ਆ ਗਿਆ ਹੈ | ਪਸ਼ੂ, ਮਾਲ, ਡੰਗਰ ਤੇ ਮਨੁੱਖੀ ਜ਼ਿੰਦਗੀਆਂ ਬੇਹੱਦ ਨਾਜ਼ੁਕ ਦੌਰ 'ਚੋਂ ਲੰਘ ਰਹੀਆਂ ਹਨ | ਅਜਿਹੇ ਵਿਚ ਕੇਂਦਰ ਸਰਕਾਰ ਪੰਜਾਬ ਲਈ ਵੱਡਾ ਹੜ੍ਹ ਰਾਹਤ ਪੈਕੇਜ ਤੁਰੰਤ ਜਾਰੀ ਕਰੇ | ਇਹ ਪ੍ਰਗਟਾਵਾ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਹ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਤੋਂ ਪਰਤੇ ਹਨ, ਜਿੱਥੇ ਸਥਿਤੀ ਬੇਹੱਦ ਨਾਜ਼ੁਕ ਹੈ | ਕਈ ਪਿੰਡਾਂ ਤੱਕ ਤਾਂ ਅਜੇ ਵੀ ਰਾਹਤ ਸਮੱਗਰੀ ਨਹੀਂ ਪਹੁੰਚੀ | ਸਰਕਾਰੀ ਤੰਤਰ ਪੂਰੀ ਤਰ੍ਹਾਂ ਫ਼ੇਲ੍ਹ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਜਲਦ ਸੰਪਰਕ ਕਰਕੇ ਇਸ ਨਾਜ਼ੁਕ ਸਥਿਤੀ ਨਾਲ ਨਜਿੱਠਣ ਲਈ ਕੇਂਦਰੀ ਟੀਮਾਂ ਦੀ ਤਾਇਨਾਤੀ ਕਰਵਾਏ ਅਤੇ ਮਾਲੀ ਸਹਾਇਤਾ ਲਈ ਉਪਰਾਲੇ ਕਰੇ |