ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਬਣਿਆ ਪੁਰਾਣੀ ਇਮਾਰਤਾਂ ਨੰੂ ਲੈਕੇ ਨਗਰ ਨਿਗਮ ਵਲੋਂ ਇਨ੍ਹਾਂ ਦੀ ਮੁਰੰਮਤ ਕਰਵਾਉਣ ਜਾਂ ਗਿਰਾਉਣ ਦੇ ਨੋਟਿਸ ਤਾਂ ਜ਼ਰੂਰ ਕੱਢੇ ਜਾਂਦੇ ਹਨ | ਪਰ ਉਕਤ ਇਮਾਰਤਾਂ ਦੇ ਮਾਲਕਾਂ ਵਲੋਂ ਨਗਰ ਨਿਗਮ ਦੇ ਨੋਟਿਸਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ | ਨਤੀਜੇ ਵਜੋਂ ਜਦ ਵੀ ਸ਼ਹਿਰ ਵਿਚ ਭਾਰੀ ਬਰਸਾਤ ਹੁੰਦੀ ਹੈ ਤਾਂ ਪੁਰਾਣੀਆਂ ਇਮਾਰਤਾਂ ਡਿਗ ਜਾਂਦੀਆਂ ਹਨ | ਇਕ ਅਜਿਹਾ ਹੀ ਮਾਮਲਾ ਵਾਰਡ ਨੰਬਰ 90 ਵਿਚ ਸਥਿਤ ਬਾਗ ਵਾਲੀ ਗਲੀ ਵਿਚ ਸਾਹਮਣੇ ਆਇਆ ਹੈ | ਜਿੱਥੇ ਇਕ ਪੁਰਾਣੀ ਇਮਾਰਤ ਬਰਸਾਤ ਦੇ ਕਾਰਨ ਸਵੇਰ ਆਪ ਮੁਹਾਰੇ ਡਿਗ ਪਈ, ਜਿਸਦੇ ਡਿੱਗਣ ਨਾਲ ਇਲਾਕੇ ਦੀ ਬਿਜਲੀ ਵੀ ਚਲੀ ਗਈ | ਉਕਤ ਇਮਾਰਤ ਬੰਦ ਸੀ | ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀ ਹੋਇਆ | ਮੌਕੇ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਪੁੱਜੇ, ਜਿਨ੍ਹਾਂ ਵਲੋਂ ਉਕਤ ਇਮਾਰਤ ਦਾ ਗਲੀ ਵਿਚ ਖਿਲਰਿਆ ਮਲਬਾ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਚੁਕਵਾਇਆ ਗਿਆ ਤੇ ਇਲਾਕੇ ਦੀ ਬਿਜਲੀ ਵੀ ਚਾਲੂ ਕਰਵਾਈ ਗਈ | ਉਕਤ ਇਮਾਰਤ ਦੇ ਮਲਬੇ ਨਾਲ ਜਿਥੇ ਉਕਤ ਗਲੀ ਬੰਦ ਹੋ ਗਈ ਸੀ, ਉਥੇ ਹੀ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਬਿਜਲੀ ਵੀ ਚਲੀ ਗਈ ਸੀ | ਇਸੇ ਤਰ੍ਹਾਂ ਬੀਤੇ ਮੰਗਲਵਾਰ ਨੰੂ ਬਰਸਾਤ ਕਾਰਨ ਘੰਟਾਘਰ ਰੋਡ ਸਥਿਤ ਕਾਂਗਰਸ ਦਫਤਰ ਦੀ ਇਮਾਰਤ ਵੀ ਡਿੱਗ ਗਈ | ਜ਼ਿਕਰਯੋਗ ਹੈ ਉਕਤ ਇਮਾਰਤ ਜ਼ਮੀਨੀ ਵਿਵਾਦ ਨੰੂ ਲੈਕੇ ਚੱਲਦੇ ਬੰਦ ਹੋਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ |