ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)- ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਬਿਮਾਰੀਆਂ ਦੇ ਫੈਲਣ ਦੇ ਵਧਦੇ ਜੋਖ਼ਮ ਦੇ ਜਵਾਬ 'ਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਜਨਤਕ ਸਿਹਤ ਦੀ ਰੱਖਿਆ ਲਈ ਇਕ ਵਿਸ਼ੇਸ਼ ਕਮੇਟੀ ਸਥਾਪਿਤ ਕੀਤੀ | ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੀ ਅਗਵਾਈ ਵਾਲੀ ਇਸ ਕਮੇਟੀ ਵਿਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਪ੍ਰਗਤੀ ਰਾਣੀ ਅਤੇ ਦਿਆਨੰਦ ਹਸਪਤਾਲ ਤੋਂ ਡਾ. ਬਿਸ਼ਵ ਮੋਹਨ ਸ਼ਾਮਿਲ ਹਨ | ਇਸ ਕਮੇਟੀ ਨੂੰ ਲੋੜ ਅਨੁਸਾਰ ਮੈਡੀਕਲ ਕੈਂਪ ਲਗਾਉਣ ਅਤੇ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ | ਇਸ ਤੋਂ ਇਲਾਵਾ ਕਮੇਟੀ ਨੂੰ ਦਵਾਈਆਂ ਖ਼ਰੀਦਣ ਅਤੇ ਲੋੜ ਅਨੁਸਾਰ ਮੈਡੀਕਲ ਟੀਮਾਂ ਨੂੰ ਇਕੱਠਾ ਕਰਨ ਲਈ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਨਾਲ ਤਾਲਮੇਲ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ | ਕਮੇਟੀ ਅਤੇ ਮੈਡੀਕਲ ਟੀਮਾਂ ਸਿਹਤ ਕੈਂਪ ਲਗਾਉਣ, ਦਵਾਈਆਂ ਵੰਡਣ ਅਤੇ ਪ੍ਰਭਾਵਿਤ ਖੇਤਰਾਂ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰਨਗੀਆਂ | ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਟੀਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਪੁਰ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਿਸ਼ਰਾਮਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਜਪੁਰ ਰੋਡ, ਲੁਧਿਆਣਾ ਵਿਖੇ ਤਾਇਨਾਤ ਹੋਣਗੀਆਂ |