ਲੁਧਿਆਣਾ, 5 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਹਸਪਤਾਲ, ਲੁਧਿਆਣਾ ਦੇ ਐਸ.ਐਮ.ਓ. ਡਾ. ਹਰਪ੍ਰੀਤ ਸਿੰਘ ਦੀ ਗੱਡੀ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਘਰ ਤੋਂ ਸਿਵਲ ਹਸਪਤਾਲ ਜਾਂਦੇ ਹੋਏ ਰਸਤੇ 'ਚ ਉਨ੍ਹਾਂ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ | ਜਾਣਕਾਰੀ ਅਨੁਸਾਰ ਐਸ.ਐਮ.ਓ. ਆਪਣੀ ਕਾਰ 'ਚ ਸਵਾਰ ਹੋ ਕੇ ਫੀਲਡਗੰਜ ਤੋਂ ਸਿਵਲ ਹਸਪਤਾਲ ਨੂੰ ਜਾ ਰਹੇ ਸਨ, ਸਿਵਲ ਹਸਪਤਾਲ ਦੇ ਨੇੜੇ ਪਹੁੰਚਦੇ ਹੀ ਉਨ੍ਹਾਂ ਦੇ ਡਰਾਈਵਰ ਤਜਿੰਦਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ | ਇਸ ਦੌਰਾਨ ਇਕ ਪੈਦਲ ਵਿਅਕਤੀ ਅਤੇ ਮੋਟਰਸਾਈਕਲ ਸਵਾਰ ਵੀ ਕਾਰ ਦੀ ਲਪੇਟ 'ਚ ਆ ਗਏ, ਪਰ ਉਨ੍ਹਾਂ ਦਾ ਬਚਾਅ ਹੋ ਗਿਆ | ਹਾਦਸੇ 'ਚ ਗੰਭੀਰ ਜ਼ਖਮੀ ਹੋਏ ਐਸ.ਐਮ.ਓ. ਡਾ. ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਡਰਾਈਵਰ ਤਜਿੰਦਰ ਸਿੰਘ ਨੂੰ ਲੋਕਾਂ ਵਲੋਂ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡਰਾਈਵਰ ਤਜਿੰਦਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਅਤੇ ਡਾ. ਹਰਪ੍ਰੀਤ ਸਿੰਘ ਦੀ ਲੱਤ ਟੁੱਟਣ ਕਾਰਨ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ | ਘਟਨਾ ਦਾ ਪਤਾ ਲੱਗਦਿਆਂ ਹੀ ਸਬੰਧਿਤ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |