ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਨਗਰ ਨਿਗਮ ਵਲੋਂ ਲਗਾਈ ਗਈ ਸੀਲ ਨੂੰ ਤੋੜਨ ਦੇ ਮਾਮਲੇ 'ਚ ਦੋ ਇਮਾਰਤ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਨਗਰ ਨਿਗਮ ਦੇ ਯੋਜਨਾਕਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਕੁਲਦੀਪ ਸਿੰਘ ਅਤੇ ਸੋਨੂ ਸਿੰਗਲਾ ਨਾਮੀ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਨਿਗਮ ਯੋਜਨਾਕਾਰ ਨੇ ਦੱਸਿਆ ਕਿ ਕੁਲਦੀਪ ਸਿੰਘ ਵਲੋਂ ਕਿ੍ਸ਼ਨਾ ਮੰਦਰ ਨੇੜੇ ਆਪਣੇ ਰਿਹਾਇਸ਼ੀ ਪਲਾਟ ਨੂੰ ਬਿਨਾਂ ਮਨਜ਼ੂਰੀ ਦੇ ਵਪਾਰਕ ਵਰਤੋਂ ਵਿਚ ਲਿਆ ਕੇ ਉਸਾਰੀ ਕੀਤੀ ਜਾ ਰਹੀ ਸੀ, ਜਿਸ ਕਾਰਨ ਜੁਲਾਈ ਮਹੀਨੇ ਵਿਚ ਨਗਰ ਨਿਗਮ ਵਲੋਂ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ, ਪਰ ਕਥਿਤ ਦੋਸ਼ੀ ਵਲੋਂ ਮੁੜ ਤੋਂ ਸੀਲ ਤੋੜ ਕੇ ਉਸਾਰੀ ਸ਼ੁਰੂ ਕਰ ਦਿੱਤੀ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਦੂਜੇ ਅਜਿਹੇ ਮਾਮਲੇ ਵਿਚ ਵੀ ਸੋਨੂ ਸਿੰਗਲਾ ਨਾਮੀ ਵਿਅਕਤੀ ਉੱਪਰ ਕਿ੍ਸ਼ਨਾ ਮੰਦਰ ਨੇੜੇ ਬਿਨਾਂ ਮਨਜ਼ੂਰੀ 'ਤੇ ਰਿਹਾਇਸ਼ੀ ਪਲਾਟ ਨੂੰ ਵਪਾਰਕ ਵਰਤੋਂ ਵਿਚ ਲਿਆ ਕੇ ਉਸਾਰੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ ਸੋਨੂ ਸਿੰਗਲਾ ਦੀ ਇਮਾਰਤ ਵੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਸੀਲ ਕਰ ਦਿੱਤੀ ਗਈ ਸੀ, ਪਰ ਇਸ ਨੇ ਵੀ ਮੁੜ ਤੋਂ ਸੀਲ ਤੋੜ ਕੇ ਆਪਣੀ ਉਸਾਰੀ ਸ਼ੁਰੂ ਕਰ ਦਿੱਤੀ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |