ਭਾਮੀਆਂ ਕਲਾਂ/ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਨੀਵਾਰ ਸ਼ਾਮ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਲਈ ਸੁੱਕੇ ਰਾਸ਼ਨ ਕਿੱਟਾਂ ਅਤੇ ਤਰਪਾਲਾਂ ਨਾਲ ਭਰੇ ਤਿੰਨ ਟਰੱਕਾਂ ਨੂੰ ਸਾਂਝੇ ਤੌਰ 'ਤੇ ਰਵਾਨਾ ਕੀਤਾ | ਉਨ੍ਹਾਂ ਨੇ ਸਸਰਾਲੀ ਕਾਲੋਨੀ ਅਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਨਿੱਜੀ ਤੌਰ 'ਤੇ ਰਾਸ਼ਨ ਕਿੱਟਾਂ ਵੀ ਵੰਡੀਆਂ | ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮੁੰਡੀਆਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਦੀ ਪੁਸ਼ਟੀ ਕੀਤੀ | ਉਨ੍ਹਾਂ ਕਿਹਾ ਕਿ ਇਹ ਸਾਡਾ ਗੰਭੀਰ ਫਰਜ਼ ਹੈ ਕਿ ਅਸੀਂ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹੀਏ | ਇਹ ਰਾਹਤ ਸਮੱਗਰੀ, ਜਿਸ ਵਿਚ ਭੋਜਨ, ਸਫ਼ਾਈ ਸੰਬੰਧੀ ਜ਼ਰੂਰੀ ਚੀਜ਼ਾਂ ਅਤੇ ਹੋਰ ਜ਼ਰੂਰਤਾਂ ਸ਼ਾਮਿਲ ਹਨ, ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਵੱਲ ਇਕ ਮਹੱਤਵਪੂਰਨ ਕਦਮ ਹੈ | ਮੁੰਡੀਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਸਥਿਤੀ 'ਤੇ ਨੇੜਿਉਂ ਨਜ਼ਰ ਰੱਖ ਰਹੀ ਹੈ |