ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਹੜ੍ਹ ਦੀ ਆਫ਼ਤ ਕਾਰਨ ਪੈਦਾ ਹੋਏ ਗੰਭੀਰ ਸੰਕਟ ਦੇ ਮੱਦੇਨਜ਼ਰ ਐਨ.ਜੀ.ਓਜ ਪੀੜਤਾਂ ਦੀ ਮਦਦ ਲਈ ਵੱਡੇ ਪੱਧਰ 'ਤੇ ਅੱਗੇ ਆਈਆਂ ਹਨ | ਪੀੜਤਾਂ ਨੂੰ ਭੋਜਨ, ਆਸਰਾ ਅਤੇ ਹੋਰ ਮਦਦ ਪ੍ਰਦਾਨ ਕਰਨ ਲਈ ਜਿੱਥੇ ਕੈਂਪ ਲਗਾਏ ਜਾ ਰਹੇ ਹਨ, ਉੱਥੇ ਹੀ ਹੜ੍ਹ ਦੇ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਲਈ ਵੱਖ-ਵੱਖ ਸੰਸਥਾਵਾਂ ਅਤੇ ਮੈਡੀਕਲ ਸੰਸਥਾਵਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ | ਇਸ ਤਹਿਤ ਪ੍ਰਮੁੱਖ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁਫ਼ਤ ਮੈਡੀਕਲ ਕੈਂਪ ਅਤੇ ਦਵਾਈਆਂ ਸਮੇਤ ਹੋਰ ਰਾਹਤ ਸਮਗਰੀ ਪ੍ਰਦਾਨ ਕਰਨ ਲਈ ਇਕ ਮੈਡੀਕਲ ਟੀਮ ਦੇ ਨਾਲ ਦੋ ਐਂਬੂਲੈਂਸਾਂ ਭੇਜੀਆਂ, ਜਿਸ ਨੂੰ ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਾਭਾ ਤੋਂ ਚਰਨ ਸਿੰਘ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਕਰਨਲ ਐਚ.ਐਸ.ਕਾਹਲੋਂ, ਜੇ.ਸੀ.ਆਈ. ਲੁਧਿਆਣਾ ਸੈਂਟਰਲ ਤੋਂ ਸੌਰਵ ਬਾਹਰੀ, ਆਨੰਦ ਤਾਇਲ, ਸਾਹਿਲ ਗੁਪਤਾ, ਪ੍ਰਣਵ ਤਾਇਲ, ਅਸ਼ਵਨੀ ਵਰਮਾ ਐਮ.ਸੀ.ਸੀ., ਰੇਸ਼ਮ ਨੱਤ, ਲੇਖਕ ਕੰਵਲ ਵਾਲੀਆ, ਸੁਖਵਿੰਦਰ ਸਿੰਘ ਗਰੇਵਾਲ, ਡਾ. ਜਗਸ਼ਿੰਦਰ ਗਰੇਵਾਲ, ਡਾ. ਸਿੰਘ, ਡਾ. ਬਲਜਿੰਦਰ ਢਿੱਲੋਂ, ਮਨੀਸ਼ਾ, ਗਗਨ ਭਾਟੀਆ, ਮਹੇਸ਼, ਅਮਨਦੀਪ ਆਦਿ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਢੀਂਗਰਾ, ਸਰਬੱਤ ਦਾ ਭਲਾ ਐਨ.ਜੀ.ਓ. ਦੇ ਜ਼ਿਲ੍ਹਾ ਮੁਖੀ ਜਸਵੰਤ ਸਿੰਘ ਛਾਪਾ, ਸਰਪ੍ਰਸਤ ਇਕਬਾਲ ਸਿੰਘ ਗਿੱਲ ਦੀ ਦੇਖ-ਰੇਖ ਭੇਜਿਆ ਗਿਆ | ਇਸ ਮੌਕੇ ਡਾ. ਇੰਦਰਜੀਤ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਸੰਸਥਾ ਦੇ ਮੁਖੀ ਡਾ. ਐਸ.ਪੀ.ਐਸ. ਓਬਰਾਏ ਨੇ ਹੜ੍ਹ ਪੀੜਤਾਂ ਦੀ ਮਦਦ ਲਈ 1.5 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ | ਇਸ ਤਹਿਤ, ਟਰੱਸਟ ਦੀ ਟੀਮ ਲੁਧਿਆਣਾ ਤੋਂ ਡਾਕਟਰਾਂ ਅਤੇ ਹੋਰ ਟੀਮ ਮੈਂਬਰਾਂ ਨਾਲ ਮੌਕੇ 'ਤੇ ਪਹੁੰਚੇਗੀ ਅਤੇ ਪੀੜਤਾਂ ਦੀ ਮਦਦ ਕਰੇਗੀ ਅਤੇ ਇਹ ਮਦਦ ਭਵਿੱਖ ਵਿਚ ਵੀ ਜਾਰੀ ਰਹੇਗੀ |