ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਅੱਜ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਕ ਵਿਸ਼ੇਸ਼ ਪੈੱ੍ਰਸ ਵਾਰਤਾ ਵਿਚ ਯੂਨੀਵਰਸਿਟੀ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦਾ ਉਲੇਖ ਕੀਤਾ | ਉਨ੍ਹਾਂ ਕਿਹਾ ਕਿ ਆਪਣੀ ਸਥਾਪਨਾ ਤੋਂ ਹੀ ਇਹ ਸੰਸਥਾ ਨਾ ਸਿਰਫ਼ ਖੇਤੀ ਵਿਗਿਆਨ, ਬਲਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਰਹੀ ਹੈ | ਯੂਨੀਵਰਸਿਟੀ ਨੇ ਸਦਾ ਇਸ ਗੱਲ ਨੂੰ ਆਪਣੇ ਤਰਜੀਹੀ ਏਜੰਡੇ 'ਤੇ ਰੱਖਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਹੋਵੇ | ਡਾ. ਰਿਆੜ ਨੇ ਕਿਹਾ ਕਿ ਇਸ ਦਾ ਪ੍ਰਮਾਣ ਹੈ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਸਾਹਿਤ ਦੇ ਖੇਤਰ 'ਚ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਗਿਣਤੀ ਪੀ.ਏ.ਯੂ. 'ਚ ਵਧ ਰਹੀ ਹੈ | ਕੁਲਵੰਤ ਸਿੰਘ ਵਿਰਕ, ਗੁਲਜ਼ਾਰ ਸਿੰਘ ਸੰਧੂ, ਡਾ. ਸੁਰਜੀਤ ਪਾਤਰ ਨੇ ਪੀ.ਏ.ਯੂ. 'ਚ ਆਪਣੀਆਂ ਸੇਵਾਵਾਂ ਦੇ ਦੌਰਾਨ ਹੀ ਉਚ ਪੱਧਰੀ ਸਾਹਿਤਕ ਸਨਮਾਨ ਹਾਸਿਲ ਕੀਤੇ | ਡਾ. ਰਿਆੜ ਨੇ ਕਿਹਾ ਕਿ ਪੀ.ਏ.ਯੂ. ਕੌਮਾਂਤਰੀ ਪੱਧਰ ਦੇ ਖੇਤੀ ਗਿਆਨ ਵਿਗਿਆਨ ਨਾਲ ਜੁੜੀ ਸੰਸਥਾ ਹੋਣ ਕਾਰਨ ਇਸ ਦੇ ਬਹੁਤੇ ਅਕਾਦਮਿਕ ਕਾਰਜ ਅੰਗਰੇਜ਼ੀ 'ਚ ਕੀਤੇ ਜਾਂਦੇ ਹਨ, ਪਰ ਪ੍ਰਕਾਰਜੀ ਪੱਧਰ 'ਤੇ ਇਹ ਸੰਸਥਾ ਪੰਜਾਬੀ ਦੀ ਵਰਤੋਂ ਲਈ ਵਚਨਬੱਧ ਹੈ | ਯੂਨੀਵਰਸਿਟੀ ਦੀ ਵੈੱਬਸਾਈਟ ਦੇ ਪੰਜਾਬੀਕਰਨ ਦਾ ਪ੍ਰੋਜੈਕਟ ਨਿਰੰਤਰ ਜਾਰੀ ਹੈ | ਡਾ. ਰਿਆੜ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਛਾਪਿਆ ਜਾਣ ਵਾਲਾ ਖੇਤੀ ਸਾਹਿਤ ਅਤੇ ਪਸਾਰ ਗਤੀਵਿਧੀਆਂ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਕੀਤੀ ਜਾਂਦੀ ਹੈ | ਪੀ.ਏ.ਯੂ. ਵਿਚ ਸਥਾਪਿਤ ਪੇਂਡੂ ਸਭਿਅਤਾ ਦੇ ਅਜਾਇਬ ਘਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਡਾ. ਰਿਆੜ ਨੇ ਦੱਸਿਆ ਕਿ ਇਸ ਵਿਚ ਪਿਛਲੀਆਂ ਕੁੱਝ ਸਦੀਆਂ ਦੇ ਖੇਤੀ ਅਤੇ ਪੇਂਡੂ ਵਿਕਾਸ ਨੂੰ ਸਾਂਭਣ ਸੰਭਾਲਣ ਦੇ ਯਤਨਾਂ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਮਿਲੀ ਹੈ |