ਫੁੱਲਾਂਵਾਲ, 21 ਸਤੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਬਲਾਕ ਇਕ ਅਧੀਨ ਆਉਂਦੇ ਪਿੰਡ ਮਾਣਕਵਾਲ ਦੇ ਬਾਬਾ ਸਰਬ ਦਿਆਲ ਸਪੋਰਟਸ ਕਲੱਬ ਦੇ ਨੌਜਵਾਨਾਂ ਵਲੋਂ ਐਨ.ਆਰ.ਆਈ. ਭਰਾਵਾਂ ਅਤੇ ਮਾਣਕਵਾਲ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਾਂਝਾ ਉਦਮ ਕਰਦਿਆਂ ਧਾਂਦਰਾ ਸੜਕ ਜੈਨ ਮੰਦਰ ਚੌਕ ਤੋਂ ਲੈ ਕੇ ਪਿੰਡ ਮਾਣਕਵਾਲ ਤੱਕ ਅੱਪੜਦੀ ਸੜਕ 'ਤੇ ਪਏ ਡੂੰਘੇ ਖੱਡਿਆਂ ਨੂੰ ਆਪ ਮੁਹਾਰੇ ਹੰਭਲਾ ਮਾਰਦੇ ਗਟਕੇ ਅਤੇ ਮਿੱਟੀ ਨਾਲ ਭਰਿਆ ਗਿਆ | ਉਕਤ ਨੌਜਵਾਨਾਂ ਨੇ ਸੇਵਾ ਕਰਨ ਦੌਰਾਨ ਦੱਸਿਆ ਕਿ ਜੈਨ ਮੰਦਰ ਚੌਕ ਤੋਂ ਮਾਣਕਵਾਲ ਪਿੰਡ ਤੱਕ ਸੜਕ 'ਤੇ ਪਏ ਡੂੰਘੇ ਖੱਡਿਆਂ ਵਿਚ ਡਿੱਗ ਕੇ ਦੋ ਪਹੀਆ ਵਾਹਨ ਚਾਲਕ ਅਕਸਰ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਸਨ, ਜਿਸ ਦੌਰਾਨ ਕਈਆਂ ਦੇ ਤਾਂ ਗੰਭੀਰ ਸੱਟਾਂ ਵੀ ਲੱਗੀਆਂ, ਜਿਸ ਬਾਰੇ ਨਾ ਤਾਂ ਕਦੇ ਮੌਜੂਦਾ ਸਰਕਾਰ, ਪ੍ਰਸ਼ਾਸਨ ਜਾਂ ਇਸ ਸੜਕ 'ਤੇ ਪੈਂਦੀਆਂ ਦੁਕਾਨਦਾਰਾਂ ਨੇ ਕਦੇ ਸੋਚਿਆ ਕਿ ਅਕਸਰ ਇਸੇ ਸੜਕ ਤੋਂ ਚੱਲ ਕੇ ਹੀ ਗ੍ਰਾਹਕ ਉਨ੍ਹਾਂ ਪਾਸ ਆਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਰੋਟੀ ਰੋਜ਼ੀ ਚੱਲਦੀ ਹੈ | ਪਿੰਡ ਮਾਣਕਵਾਲ ਦੇ ਨੌਜਵਾਨਾਂ ਨੇ ਨਿੱਤ ਵਾਪਰਦੇ ਇਹਨਾਂ ਸੜਕੀ ਹਾਦਸਿਆਂ ਬਾਰੇ ਆਪਣੇ ਪਿੰਡ ਦੇ ਐਨ.ਆਰ.ਆਈ. ਭਰਾਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਸਵੇਰੇ ਤੜਕਸਾਰ ਟਰਾਲੀਆਂ ਵਿਚ ਗਟਕਾ ਅਤੇ ਮਿੱਟੀ ਭਰ ਕੇ ਆਪ ਮੁਹਾਰੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਹਰ ਪਾਸਿਓਾ ਸ਼ਲਾਘਾ ਹੋ ਰਹੀ ਹੈ | ਇਸ ਸੇਵਾ ਦੌਰਾਨ ਸਾਬਕਾ ਸਰਪੰਚ ਗੁਰਚੇਤ ਸਿੰਘ ਗੀਬਾ, ਸਰਪੰਚ ਮਨਪ੍ਰੀਤ ਸਿੰਘ ਮਨੀ, ਕੁਲਜੀਤ ਸਿੰਘ, ਹਰਦੀਪ ਸਿੰਘ ਦੀਪਾ, ਕੁਲਦੀਪ ਸਿੰਘ ਦੀਪਾ, ਗੁਰਪ੍ਰੀਤ ਸਿੰਘ ਗੋਪੀ, ਗੁਰਮੀਤ ਸਿੰਘ, ਦੀਪਾ ਢੀਂਡਸਾ, ਗੁਰਵਿੰਦਰ ਸਿੰਘ ਗਿੰਦਰੀ, ਅਰੈਵਨ ਸਿੰਘ ਅਤੇ ਪਿੰਡ ਦੇ ਹੋਰ ਨੌਜਵਾਨਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ |