ਚੁਗਿੱਟੀ/ਜੰਡੂਸਿੰਘਾ, 21 ਸਤੰਬਰ (ਨਰਿੰਦਰ ਲਾਗੂ)-ਐਤਵਾਰ ਸ਼ਾਮ ਨੂੰ ਸਥਾਨਕ ਜੰਡੂਸਿੰਘਾ ਵਿਖੇ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਇਕ ਸੈਲੂਨ ਦੇ ਨਜ਼ਦੀਕ ਗੁੰਡਾਗਰਦੀ ਕਰਦੇ ਹੋਏ ਜੰਡੂਸਿੰਘਾ ਪੈਟਰੋਲ ਪੰਪ ਤੋਂ ਪੈਟਰੋਲ ਭਰਵਾ ਕੇ ਮੋਟਰਸਾਈਕਲ 'ਤੇ ਆਪਣੇ ਘਰ ਪਰਤ ਰਹੇ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਆਪਣੇ ਪਹਿਨੇ ਹੋਏ ਕੜੇ ਲਾਹ ਕੇ ਉਕਤ ਦੇ ਸਿਰ 'ਤੇ ਵਾਰ ਕੀਤੇ ਗਏ ਤੇ ਬਾਅਦ 'ਚ ਜ਼ਖਮੀ ਹਾਲਤ 'ਚ ਉਸ ਨੂੰ ਛੱਡ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ | ਇਸ ਵਾਰਦਾਤ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ 18 ਸਾਲਾ ਗੁਰਪ੍ਰੀਤ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕੰਗਣੀਵਾਲ, ਥਾਣਾ ਪਤਾਰਾ, ਜਲੰਧਰ ਦੇ ਰੂਪ 'ਚ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਉਕਤ ਨੂੰ ਪਿੰਡ ਦੇ ਮੁਹਤਬਰਾਂ ਵਲੋਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਇਸ ਸੰਬੰਧ 'ਚ ਪੀੜਤ ਵਲੋਂ ਚੌਕੀ ਜੰਡੂਸਿੰਘਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ | ਪਤਾ ਲੱਗਾ ਹੈ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਪੀੜਤਾਂ ਨੂੰ ਦਿੱਤਾ ਗਿਆ ਹੈ | ਉਧਰ ਜਾਣਕਾਰੀ ਇਹ ਵੀ ਹੈ ਕਿ ਜ਼ਖਮੀ ਨੌਜਵਾਨ ਨੇ 1-2 ਹਮਲਾਵਰਾਂ ਦੇ ਨਾਂਅ ਵੀ ਦੱਸੇ ਹਨ ਤੇ ਇਹ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ | ਇਸ ਦੇ ਬਾਵਜੂਦ ਉਸ 'ਤੇ ਇਹ ਹਮਲਾ ਕਿਉਂ ਕੀਤਾ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |