ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਨਿਸਟੇ੍ਰਸ਼ਨ ਨੇ ਵਿਦਿਆਰਥਣਾਂ ਦੇ ਆਤਮ ਵਿਸ਼ਵਾਸ ਅਤੇ ਪੇਸ਼ੇਵਰ ਸਫਲਤਾ ਨੂੰ ਵਧਾਉਣ ਦੇ ਉਦੇਸ਼ ਨਾਲ 'ਪਾਵਰ ਆਫ਼ ਪਰਸਨਲ ਅਪੀਅਰੈਂਸ' 'ਤੇ ਇਕ ਪ੍ਰਭਾਵਸ਼ਾਲੀ ਸੈਸ਼ਨ ਦਾ ਸਫਲਤਾਪੂਰਵਕ ਪ੍ਰਬੰਧ ਕੀਤਾ | ਸਰੋਤ ਵਿਅਕਤੀ, ਪੂਨਮ ਆਰੀਆ (ਅੰਤਰਰਾਸ਼ਟਰੀ ਤੌਰ 'ਤੇ ਪ੍ਰਮਾਣਿਤ ਸਾਫ਼ਟ ਸਕਿੱਲਜ਼ ਟਰੇਨਰ ਅਤੇ ਡਿਜ਼ਾਇਰਡ ਇਮਪ੍ਰੈਸ਼ਨ ਇਮੇਜ ਕੰਸਲਟੈਂਸੀ, ਲੁਧਿਆਣਾ ਦੀ ਸੰਸਥਾਪਕ) ਨੇ ਉਪਰੋਕਤ ਵਿਸ਼ਿਆਂ 'ਤੇ ਕੀਮਤੀ ਸੁਝਾਅ ਸਾਂਝੇ ਕੀਤੇ | ਪਹਿਲੇ ਪ੍ਰਭਾਵ ਦੀ ਭੂਮਿਕਾ ਅਧੀਨ ਨਿੱਜੀ ਸ਼ਿੰਗਾਰ ਅਤੇ ਸਫ਼ਾਈ ਦੀ ਪ੍ਰਮੁੱਖਤਾ, ਸਰੀਰ ਦੀ ਮੁਦਰਾ, ਭਾਸ਼ਾ ਅਤੇ ਸ਼ਿਸ਼ਟਾਚਾਰ ਅਤੇ ਦਿੱਖ ਦੁਆਰਾ ਅੰਦਰੂਨੀ ਵਿਸ਼ਵਾਸ ਬਣਾਉਣਾ ਸੀ | ਪੂਨਮ ਆਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਨਿੱਜੀ ਤਸਵੀਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ, ਕੋਈ ਵੀ ਮੌਕਾ ਸਿਰਜ ਕੇ ਧਾਰਨਾਵਾਂ ਨੂੰ ਪ੍ਰਭਾਵਿਤ ਕਰਦਿਆਂ ਦੂਜਿਆਂ ਨਾਲ ਮਜ਼ਬੂਤ ਸੰਬੰਧ ਬਣਾਉਂਦਿਆਂ ਆਪਣੀ ਨਿੱਜੀ ਅਤੇ ਪੇਸ਼ੇਵਰ ਸਫਲਤਾ ਵਿਚ ਯੋਗਦਾਨ ਪਾ ਸਕਦਾ ਹੈ | ਇਹ ਸਿੱਖਣ ਅਤੇ ਸਵੈ-ਵਿਕਾਸ ਨੂੰ ਪ੍ਰਫੁਲਿਤ ਕਰਨ ਵਾਲ਼ਾ ਇਕ ਪ੍ਰਭਾਵਸ਼ਾਲੀ ਸੈਸ਼ਨ ਸੀ, ਜਿਸ ਵਿਚ ਵਿਦਿਆਰਥਣਾਂ ਨੇ ਪ੍ਰਸ਼ਨ ਉੱਤਰ ਦੌਰ ਵਿਚ ਸਰਗਰਮੀ ਨਾਲ ਹਿੱਸਾ ਲਿਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੇ ਤਜਰਬੇ ਪ੍ਰਦਾਨ ਕਰਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |