ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਨੰੂ ਹਰਾ ਭਰਾ ਰੱਖਣ ਲਈ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਉਥੇ ਹੀ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਕਈ ਪੁਰਾਣੇ ਲੱਗੇ ਦਰੱਖਤ ਭੇਦ ਭਰੇ ਹਾਲਾਤ ਵਿਚ ਸੁੱਕਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੰੂ ਲੈ ਕੇ ਨਗਰ ਨਿਗਮ ਚੁੱਪ ਬੈਠਾ ਹੈ | ਇਕ ਅਜਿਹਾ ਹੀ ਮਾਮਲਾ ਘੁਮਾਰ ਮੰਡੀ ਰੋਡ 'ਤੇ ਓਮੈਕਸ ਦੇ ਬਾਹਰ ਦੇਖਣ 'ਚ ਆਇਆ ਹੈ, ਜਿੱਥੇ ਲਗਭਗ 6 ਦੇ ਕਰੀਬ ਪੁਰਾਣੇ ਲੱਗੇ ਹਰੇ ਦਰੱਖਤ ਸੁੱਕ ਕੇ ਕਾਲੇ ਹੋ ਗਏ ਹਨ | ਦੇਖਣ 'ਚ ਆਇਆ ਹੈ ਕਿ ਜਿੱਥੇ ਵੀ ਕੋਈ ਵੱਡਾ ਪੋ੍ਰਜੈਕਟ ਸ਼ਹਿਰ ਵਿਚ ਬਣਾਇਆ ਜਾ ਰਿਹਾ ਹੈ, ਉਸ ਥਾਂ 'ਤੇ ਲੱਗੇ ਪੁਰਾਣੇ ਦਰੱਖਤ ਜਾਂ ਤਾਂ ਵੱਢ ਦਿੱਤੇ ਜਾ ਰਹੇ ਹਨ ਜਾਂ ਫਿਰ ਕੈਮੀਕਲ ਪਾ ਕੇ ਇਨ੍ਹਾਂ ਨੰੂ ਸੁਕਾਇਆ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਬਲਿਕ ਐਕਸ਼ਨ ਕਮੇਟੀ ਦੇ ਆਗੂ ਕਪਿਲ ਅਰੋੜਾ ਨੇ ਕਿਹਾ ਕਿ ਸ਼ਹਿਰ 'ਚ ਪੁਰਾਣੇ ਦਰੱਖਤਾਂ ਨੰੂ ਕੈਮੀਕਲ ਨਾਲ ਸੁਕਾਉਣ ਦਾ ਸਿਲਸਿਲਾ ਚੱਲ ਪਿਆ ਹੈ, ਜਿਸ ਨੰੂ ਲੈ ਕੇ ਉਨ੍ਹਾਂ ਦੀ ਕਮੇਟੀ ਨਿਰੰਤਰ ਇਸ ਮੁੱਦੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਕੇਸ ਲਗਾ ਰਹੀ ਹੈ | ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੰੂ ਲੈ ਕੇ ਵੀ ਕਮੇਟੀ ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਕੇਸ ਲਗਾਉਣ ਜਾ ਰਹੀ ਹੈ | ਉਨ੍ਹਾਂ ਵਲੋਂ ਨਗਰ ਨਿਗਮ ਤੋਂ ਵੀ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ |