ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਕਾਤਲਾਨਾ ਹਮਲੇ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ | ਪੁਲਿਸ ਵਲੋਂ ਇਸ ਮਾਮਲੇ 'ਚ 11 ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮੁਕੇਸ਼ ਕੁਮਾਰ ਵਾਸੀ ਮੁਹੱਲਾ ਪ੍ਰੀਤ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਨਵਨੀਤ ਸਿੰਘ ਵਾਸੀ ਸ਼ਿਮਲਾਪੁਰੀ, ਸਾਹਿਬਲ ਵਾਸੀ ਸ਼ਿਮਲਾਪੁਰੀ, ਅਰਸ਼ ਉਰਫ ਕਾਲਾ ਵਾਸੀ ਸ਼ਿਮਲਾਪੁਰੀ, ਪਿਊਸ਼ ਵਾਸੀ ਲੁਹਾਰਾ, ਮੋਲੀ ਵਾਸੀ ਜੀਤੋ ਮਾਰਕੀਟ, ਹਨੀ ਡਾਬਾ ਵਾਸੀ ਡਾਬਾ, ਕੁਲਦੀਪ ਸਿੰਘ ਉਰਫ ਗੁੱਨੀ, ਹਰਜੋਤ ਸਿੰਘ ਉਰਫ ਜੋਤ ਵਾਸੀ ਟੇਢੀ ਰੋਡ ਅਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨਵਨੀਤ ਸਿੰਘ ਉਰਫ ਨਿਹੰਗ ਨੇ ਉਸ ਦੇ ਦੋਸਤ ਸਚਿਨ ਨੂੰ ਇੰਸਟਾਗਰਾਮ 'ਤੇ ਫ਼ੋਨ ਕਰਕੇ ਮੋਰਗਨ ਕਰੋਸਿੰਗ ਪੁਲ 'ਤੇ ਬੁਲਾਇਆ ਸੀ ਤਾਂ ਜੋ ਪੁਰਾਣੀ ਰੰਜ਼ਿਸ਼ ਨੂੰ ਖਤਮ ਕੀਤਾ ਜਾ ਸਕੇ, ਜਦੋਂ ਉਹ ਆਪਣੇ ਦੋਸਤ ਨਾਲ ਉਥੇ ਪਹੁੰਚਿਆ ਤਾਂ ਇਹਨਾਂ ਸਾਰੇ ਕਥਿਤ ਦੋਸ਼ੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਅਤੇ ਉਸ ਦਾ ਦੋਸਤ ਸਚਿਨ ਗੰਭੀਰ ਜ਼ਖਮੀ ਹੋ ਗਏ | ਦੋਵਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਸਚਿਨ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |