ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮੁੱਖ ਮੰਤਰੀ ਪੰਜਾਬ ਦਾ ਡਰੀਮ ਪੋ੍ਰਜੈਕਟ ਕਿਹਾ ਜਾਣ ਵਾਲਾ ਬੁੱਢਾ ਨਾਲਾ ਕਾਇਆਕਲਪ ਪੋ੍ਰਜੈਕਟ ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਿਕ 100 ਫ਼ੀਸਦੀ ਪੂਰਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਬੁੱਢੇ ਨਾਲੇ ਦੇ ਗੰਦੇ ਪਾਣੀ 'ਚ ਕੋਈ ਵੀ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ | ਨਾਲੇ ਵਿਚ ਅਜੇ ਵੀ ਗੰਦਾ ਪਾਣੀ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਗੰਦਗੀ ਡਿੱਗਣ 'ਚ ਵੀ ਕੋਈ ਸੁਧਾਰ ਦੇਖਣ ਨੰੂ ਨਹੀਂ ਮਿਲਿਆ, ਜਿਸ 'ਤੇ ਨਿਗਮ ਅਧਿਕਾਰੀਆਂ ਵਲੋਂ ਇਸ ਪੋ੍ਰਜੈਕਟ ਦੇ ਪੂਰਾ ਹੋਣ ਨੰੂ 100 ਫ਼ੀਸਦੀ ਕਹੇ ਜਾਣਾ ਕਿਤੇ ਨਾ ਕਿਤੇ ਕਈ ਸ਼ੰਕੇ ਪੈਦਾ ਕਰ ਰਿਹਾ ਹੈ | ਉਕਤ ਪ੍ਰੋਜੈਕਟ ਦੀ ਸ਼ੁਰੂਆਤ ਦਸੰਬਰ 2020 ਵਿਚ ਹੋਈ ਸੀ | ਪਹਿਲਾਂ ਇਸ ਪੋ੍ਰਜੈਕਟ ਲਈ 650 ਕਰੋੜ ਰੱਖੇ ਗਏ ਸਨ | ਫਿਰ ਇਸ ਵਿਚ ਵਾਧਾ ਕਰਕੇ ਇਸ ਨੰੂ 840 ਕਰੋੜ ਰੁਪਏ ਕਰ ਦਿੱਤਾ ਗਿਆ | ਇਸ ਪੋ੍ਰਜੈਕਟ ਨੰੂ ਲੈ ਕੇ ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ 6 ਪੰਪਿਗ ਸਟੇਸ਼ਨ ਵੀ ਬਣਾਏ ਗਏ ਹਨ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਤੇ ਸੀ.ਈ.ਟੀ.ਪੀ. ਪਲਾਂਟ ਵੀ ਬਣਾਏ ਗਏ | ਇਸ ਤੋਂ ਇਲਾਵਾ ਪੁਰਾਣੇ ਐਸ.ਟੀ.ਪੀਸ ਨੰੂ ਅਪਗ੍ਰੇਡ ਵੀ ਕੀਤਾ ਗਿਆ, ਪਰ ਉਕਤ ਦੋਵਾਂ ਪਲਾਂਟਾਂ ਵਲੋਂ ਨਾਲੇ ਵਿਚ ਪਾਣੀ ਪੱਧਰ ਅਨੁਸਾਰ ਸਾਫ਼ ਨਹੀਂ ਸੁੱਟਿਆ ਜਾ ਰਿਹਾ ਹੈ, ਜਿਸ ਨੰੂ ਲੈ ਕੇ ਨਗਰ ਨਿਗਮ ਅਧਿਕਾਰੀਆਂ ਵਲੋਂ ਡੇਅਰੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ | ਇੱਥੋਂ ਤੱਕ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੱਡੇ ਡਾਇੰਗ ਯੂਨਿਟਾਂ ਵਲੋਂ ਨਾਲੇ ਵਿਚ ਗੰਦਾ ਪਾਣੀ ਸੁੱਟਣ ਨੰੂ ਲੈ ਕੇ ਜੁਰਮਾਨੇ ਵੀ ਕੀਤੇ ਗਏ, ਪਰ ਇਸ ਦੇ ਬਾਵਜੂਦ ਨਾਲੇ ਵਿਚ ਗੰਦੇ ਪਾਣੀ ਵਿਚ ਕੋਈ ਵੀ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ | ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਨਾਲੇ ਦੇ ਕਿਨਾਰਿਆਂ 'ਤੇ ਲੋਹੇ ਦੀਆਂ ਜਾਲੀਆਂ ਵੀ ਇਸ ਵਿਚ ਕੂੜਾ ਨਾ ਸੁੱਟਣ ਲਈ ਲਗਾਈਆਂ ਗਈਆਂ, ਜਿਸ 'ਤੇ ਪੈਸੇ ਦੀ ਬਰਬਾਦੀ ਨੰੂ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਸਵਾਲ ਵੀ ਚੁੱਕੇ ਗਏ, ਪਰ ਇਸ ਦੇ ਬਾਵਜੂਦ ਨਾਲੇ ਵਿਚ ਗੰਦਗੀ ਹਾਲੇ ਤੱਕ ਡਿਗਣ ਤੋਂ ਨਗਰ ਨਿਗਮ ਨਹੀਂ ਰੋਕ ਸਕਿਆ ਹੈ, ਉੱਥੇ ਹੀ ਨਾਲੇ ਦੀ ਚੌੜਾਈ ਘੱਟ ਹੋਣ ਨੰੂ ਲੈ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਇਕ 3 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ | ਇਸ ਸੰਸਥਾ ਵਲੋਂ ਇਸ ਸੰਬੰਧੀ ਐਨ.ਜੀ.ਟੀ. 'ਚ ਕੇਸ ਦਾਇਰ ਕੀਤਾ ਗਿਆ ਸੀ | ਨਗਰ ਨਿਗਮ ਅਧਿਕਾਰੀਆਂ ਤੇ ਸੱਤਾਧਾਰੀ ਆਗੂਆਂ ਵਲੋਂ ਨਾਲੇ ਦੇ ਕਿਨਾਰੇ 'ਤੇ ਬਣੀਆਂ ਗੈਰ ਕਾਨੰੂਨੀ ਬਿਲਡਿੰਗਾਂ ਨੰੂ ਲੈ ਕੇ ਨਾਲੇ ਦੀ ਚੌੜਾਈ ਘੱਟ ਕਰਦੇ ਹੋਏ ਇਸ ਦੇ ਅੰਦਰ ਹੀ ਸੜਕਾਂ ਬਣਾ ਕੇ ਗੈਰ ਕਾਨੰੂਨੀ ਬਿਲਡਿੰਗ ਤੇ ਕਬਜ਼ੇ ਕਰਨ ਵਾਲਿਆਂ ਨੰੂ ਲਾਭ ਪਹੁੰਚਾਇਆ ਜਾ ਰਿਹਾ ਹੈ | ਕੁਲ ਮਿਲਾ ਕੇ ਕਹਿ ਲਿਆ ਜਾਵੇ ਕਿ ਇਸ ਪੋ੍ਰਜੈਕਟ ਵਿਚ ਇੰਨੀਆਂ ਖ਼ਾਮੀਆਂ ਹੋਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਵਲੋਂ ਕਿਸ ਬਲਬੂਤੇ 'ਤੇ ਇਸ ਪੋ੍ਰਜੈਕਟ ਦੇ 100 ਫ਼ੀਸਦੀ ਪੂਰਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਹਕੀਕਤ ਵਿਚ ਨਾਲੇ ਦੇ ਗੰਦੇ ਪਾਣੀ ਵਿਚ ਰੱਤੀ ਭਰ ਵੀ ਸੁਧਾਰ ਹੋਇਆ ਨਜ਼ਰ ਨਹੀਂ ਆ ਰਿਹਾ ਹੈ |
ਬੁੱਢਾ ਨਾਲਾ ਕਾਇਆਕਲਪ ਪੋ੍ਰਜੈਕਟ ਦਾ ਕੰਮ 100 ਫ਼ੀਸਦੀ ਪੂਰਾ <br/>
ਅਜੀਤ ਡੈਸਕ
23-09-2025