ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਤਿਉਹਾਰਾਂ ਮੱਦੇਨਜ਼ਰ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਬਰਦਸਤ ਚੈਕਿੰਗ ਕੀਤੀ ਗਈ, ਜਿਸ ਤਹਿਤ ਦੇਰ ਸ਼ਾਮ ਪੁਲਿਸ ਵਲੋਂ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਗਈ | ਇਸ ਖਾਸ ਚੈਕਿੰਗ ਮੁਹਿੰਮ ਦੀ ਅਗਵਾਈ ਏ.ਡੀ.ਸੀ.ਪੀ. ਸਮੀਰ ਵਰਮਾ ਕਰ ਰਹੇ ਸਨ ਅਤੇ ਇਸ ਵਿਚ ਸ਼ਹਿਰੀ ਖੇਤਰ ਦੇ ਐਸ.ਐਚ.ਓ. ਅਤੇ ਹੋਰ ਉੱਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ | ਸਥਾਨਕ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਪਲੇਟਫਾਰਮਾਂ ਅਤੇ ਰੇਲਵੇ ਸਟੇਸ਼ਨ ਦੇ ਬਾਹਰਲੇ ਹਿੱਸੇ ਦੀ ਚੈਕਿੰਗ ਕੀਤੀ ਗਈ | ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚੋਂ ਕੁੱਝ ਵਾਹਨਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲਿਆ ਹੈ ਤਾਂ ਜੋ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇ | ਇਸ ਦੌਰਾਨ ਗੱਲਬਾਤ ਕਰਦਿਆਂ ਸਮੀਰ ਵਰਮਾ ਨੇ ਦੱਸਿਆ ਕਿ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਤਿਉਹਾਰਾਂ ਦੇ ਮੱਦੇਨਜ਼ਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਤਿਉਹਾਰਾਂ ਕਾਰਨ ਕੁੱਝ ਸ਼ਰਾਰਤੀ ਅਨਸਰ ਸਰਗਰਮ ਹੋ ਜਾਂਦੇ ਹਨ ਅਤੇ ਪੁਲਿਸ ਵਲੋਂ ਸ਼ਹਿਰ ਵਿਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਚੀਜ਼ਾਂ ਅਤੇ ਸ਼ੱਕੀ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਅੱਜ ਦੀ ਵਿਸ਼ੇਸ਼ ਮੁਹਿੰਮ ਵਿਚ ਕੁੱਝ ਵਾਹਨ ਕਬਜ਼ੇ ਵਿਚ ਲਏ ਹਨ, ਜਿਨ੍ਹਾਂ ਦੇ ਮਾਲਕਾਂ ਦੀ ਤਸਦੀਕ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਚੈਕਿੰਗ ਦੌਰਾਨ ਕੁੱਝ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ |
ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜ਼ਬਰਦਸਤ ਚੈਕਿੰਗ <br/>
ਅਜੀਤ ਡੈਸਕ
23-09-2025