ਫੁੱਲਾਂਵਾਲ, 27 ਸਤੰਬਰ (ਮਨਜੀਤ ਸਿੰਘ ਦੁੱਗਰੀ)-ਦੇਸ਼ ਦੀ ਆਜ਼ਾਦੀ ਲਈ ਭਰ ਜਵਾਨੀ 'ਚ ਆਪਣੀ ਜ਼ਿੰਦਗੀ ਵਾਰ ਗਏ ਬਾਲ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭੇ ਨੂੰ ਲੁਧਿਆਣਾ ਭਾਈ ਬਾਲਾ ਚੌਕ ਤੋਂ ਜਾਣ ਵਾਲਾ ਸ਼ਹੀਦ ਕਰਤਾਰ ਸਿੰਘ ਮਾਰਗ, ਜਿਸ ਦੇ ਕਿਨਾਰੇ ਪਿੰਡ ਦਾਦ ਅਤੇ ਲਲਤੋਂ ਕਲਾਂ ਵਿਚਾਲੇ ਪੈਂਦੇ ਰਸਤੇ 'ਤੇ ਲੱਗੇ ਕੂੜੇ ਦੇ ਢੇਰ ਸਰਾਭਾ ਜੀ ਦੇ ਜੱਦੀ ਪਿੰਡ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪਹੁੰਚਣ ਵਾਲਿਆਂ ਦਾ ਸਵਾਗਤ ਕਰਦੇ ਨਜ਼ਰੀਂ ਆਉਂਦੇ ਹਨ | ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਮਾਰਗ 'ਤੇ ਬਹੁਮੰਤਵੀ ਵਪਾਰਕ ਅਦਾਰੇ, ਉਹ ਦਰਜੇ ਦੀਆਂ ਪੋਸ਼ ਰਿਹਾਇਸ਼ੀ ਕਾਲੋਨੀਆਂ, ਵੱਡੀ ਗਿਣਤੀ ਵਿਚ ਰਿਜੋਰਟ ਤੇ ਹੋਟਲ ਕਾਰੋਬਾਰੀ ਆਪਣਾ ਰੁਜ਼ਗਾਰ ਚਲਾ ਰਹੇ ਹਨ ਅਤੇ ਇਹ ਮੁੱਖ ਮਾਰਗ ਹੋਣ ਕਰਕੇ ਸਵੇਰ ਤੋਂ ਸ਼ਾਮ ਤੱਕ ਇਸ ਮਾਰਗ ਤੋਂ ਅਨੇਕਾਂ ਪ੍ਰਸ਼ਾਸਨਿਕ ਅਧਿਕਾਰੀ, ਧਾਰਮਿਕ ਆਗੂ, ਰਾਜਨੀਤਿਕ ਆਗੂ ਤੇ ਵੱਡੇ ਕਾਰੋਬਾਰੀਆਂ ਦਾ ਆਮ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਇਸ ਦੇ ਬਾਵਜੂਦ ਵੀ ਕਿਸੇ ਦੀ ਨਜ਼ਰ ਕੂੜੇ ਦੇ ਲੱਗੇ ਢੇਰਾਂ ਅਤੇ ਸੜਕਾਂ ਕਿਨਾਰੇ ਉਗੀਆਂ ਝਾੜੀਆਂ, ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਵੱਲ ਕਿਉਂ ਨਹੀਂ ਪੈਂਦੀ | ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਕੁੱਝ ਬਿਆਨ ਕਰ ਸਕੇਗਾ, ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਪੰਜਾਬ ਦੇ ਸਰਪ੍ਰਸਤ ਇੰਜੀਨੀਅਰ ਪੰਕਜ ਅਰੋੜਾ ਸਰਪ੍ਰਸਤ ਗੁਰਮੀਤ ਸਿੰਘ ਗਰੇਵਾਲ ਦੋਲੋਂ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਦੀ ਸ਼ਹੀਦੀ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਨ ਦਾ ਸੁਭਾਗ ਪ੍ਰਾਪਤ ਹੈ, ਉਨ੍ਹਾਂ ਦੇ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਇਸ ਮਾਰਗ ਦੀ ਸਫ਼ਾਈ ਕਰਕੇ ਇਸ ਨੂੰ ਸੁੰਦਰੀ ਦਿੱਖ ਪ੍ਰਦਾਨ ਕਰਨੀ ਚਾਹੀਦੀ ਹੈ |