ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਦੋ ਔਰਤਾਂ ਦੇ 40 ਲੱਖ ਰੁਪਏ ਮੁੱਲ ਦੇ ਸੋਨੇ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ 'ਚ ਦੋ ਹੌਜ਼ਰੀ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੁਰਦੇਵ ਨਗਰ ਦੀਆਂ ਰਹਿਣ ਵਾਲੀਆਂ ਵਿਜੇ ਲਕਸ਼ਮੀ ਪਤਨੀ ਅਜੇ ਗੋਇਲ ਅਤੇ ਆਸ਼ਮਾ ਗੋਇਲ ਪਤਨੀ ਵਿਵੇਕ ਗੋਇਲ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਆਰ.ਐਨ. ਕਪੂਰ ਟੈਕਸਟਾਈਲ ਦੇ ਸੰਜੀਵ ਕੁਮਾਰ ਪੁੱਤਰ ਰਾਮਨਾਥ ਅਤੇ ਸਤੀਸ਼ ਕੁਮਾਰ ਪੁੱਤਰ ਕਿ੍ਸ਼ਨ ਲਾਲ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦੇ ਗੁਆਂਢੀ ਹਨ, ਜਿਸ ਕਾਰਨ ਉਹ ਉਨ੍ਹਾਂ ਦੇ ਜਾਣਕਾਰ ਹਨ | ਕਰੋਨਾ ਸਮੇਂ ਦੌਰਾਨ ਇਹ ਕਥਿਤ ਦੋਸ਼ੀ ਉਨ੍ਹਾਂ ਦੇ ਘਰ ਆਏ ਅਤੇ ਕਾਰੋਬਾਰ 'ਚ ਘਾਟਾ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਵਿੱਤੀ ਮਦਦ ਕਰਨ ਲਈ 50 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ | ਔਰਤਾਂ ਨੇ ਦੱਸਿਆ ਕਿ ਗੁਆਂਢੀ ਹੋਣ ਨਾਤੇ ਉਨ੍ਹਾਂ ਨੇ ਉਕਤ ਕਥਿਤ ਦੋਸ਼ੀਆਂ ਨੂੰ ਦੱਸਿਆ ਕਿ ਉਨ੍ਹਾਂ ਪਾਸ ਇੰਨੀ ਰਕਮ ਨਹੀਂ ਹੈ, ਪਰ ਉਨ੍ਹਾਂ ਪਾਸ ਕੁੱਝ ਸੋਨੇ ਦੇ ਗਹਿਣੇ ਅਤੇ ਸੋਨਾ ਹੈ, ਜੋ ਕਿ ਉਹ ਉਨ੍ਹਾਂ ਨੂੰ ਮਦਦ ਦੇ ਤੌਰ 'ਤੇ ਦੇ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਸੋਨੇ ਨੂੰ ਵੇਚ ਕੇ ਪੈਸੇ ਵਪਾਰ 'ਚ ਪਾਉਣ ਦਾ ਕਿਹਾ ਅਤੇ ਬਾਅਦ 'ਚ ਛੇ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਸੋਨਾ ਵਾਪਸ ਕਰਨ ਦਾ ਭਰੋਸਾ ਦਿੱਤਾ | ਔਰਤਾਂ ਨੇ ਦੋਸ਼ ਲਗਾਇਆ ਕਿ ਚਾਰ ਸਾਲ ਬਾਅਦ ਵੀ ਇਹਨਾਂ ਕਥਿਤ ਦੋਸ਼ੀਆਂ ਵਲੋਂ ਜਦੋਂ ਉਨ੍ਹਾਂ ਨੂੰ ਨਾ ਤਾਂ ਪੈਸੇ ਦਿੱਤੇ ਅਤੇ ਨਾ ਹੀ ਸੋਨਾ ਵਾਪਸ ਕੀਤਾ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ | ਉਚ ਪੁਲਿਸ ਅਧਿਕਾਰੀਆਂ ਵਲੋਂ ਵੀ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਜਾਂਚ ਤੋਂ ਬਾਅਦ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ | ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |