ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪ੍ਰਸਿੱਧ ਦਰੇਸੀ ਗਰਾਊਾਡ 'ਚ ਚੱਲ ਰਹੇ ਦੁਸਹਿਰਾ ਮੇਲਾ 'ਚ ਮੇਲੇ ਦੇ ਠੇਕੇਦਾਰ ਵਲੋਂ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ 'ਤੇ ਉਸ ਤੋਂ ਮੇਲੇ ਨੰੂ ਚਲਾਉਣ ਲਈ ਪੈਸੇ ਮੰਗਣ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਦੇਰ ਸ਼ਾਮ ਮੇਲਾ ਬੰਦ ਕਰ ਦਿੱਤਾ ਤੇ ਠੇਕੇਦਾਰ ਵਲੋਂ ਦਰੇਸੀ ਚੌਕ 'ਚ ਖੁਦ ਨੰੂ ਅੱਗ ਲਗਾਉਣੀ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਉਸ ਨੰੂ ਆਪਣੇ ਆਪ ਨੂੰ ਅੱਗ ਲਗਾਉਣ ਤੋਂ ਰੋਕਿਆ ਗਿਆ | ਉਪਰੰਤ ਠੇਕੇਦਾਰ ਤੇ ਉਸ ਦੇ ਸਾਥੀਆਂ ਵਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਪੁਤਲਾ ਫੂਕਿਆ ਗਿਆ ਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਮੌਕੇ 'ਤੇ ਸੰਬੰਧਿਤ ਥਾਣਾ ਪੁਲਿਸ ਪੁੱਜੀ, ਪਰ ਪੁਲਿਸ ਵੀ ਠੇਕੇਦਾਰ ਵਲੋਂ ਦਿੱਤਾ ਜਾ ਰਿਹਾ ਧਰਨਾ ਖ਼ਬਰ ਲਿਖੇ ਜਾਣ ਤੱਕ ਚੁਕਵਾ ਨਹੀਂ ਸਕੀ ਸੀ | ਇਸ ਉਪਰੰਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਭਾਜਪਾ ਆਗੂ ਚੌਧਰੀ ਯਸ਼ਪਾਲ, ਗੁਰਦੇਵ ਸ਼ਰਮਾ ਦੇਬੀ, ਕਾਂਗਰਸੀ ਆਗੂ ਸ਼ਿਆਮ ਸੁੰਦਰ ਮਲਹੋਤਰਾ ਵੀ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਠੇਕੇਦਾਰ ਨਾਲ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ | ਠੇਕੇਦਾਰ ਅਸ਼ੋਕ ਸਿਰਸਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਉਕਤ ਮੇਲੇ ਦਾ ਠੇਕਾ ਆਪਣੀ ਬੇਟੀ ਦੇ ਨਾਂਅ 'ਤੇ ਲਿਆ ਹੋਇਆ ਹੈ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਉਸ ਤੋਂ ਮੇਲੇ ਚਲਾਉਣ ਲਈ ਦੱਸ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ | ਜਦਕਿ ਉਹ ਵਿਧਾਇਕ ਨੰੂ 3 ਲੱਖ ਰੁਪਏ ਦੇਣ ਨੰੂ ਤਿਆਰ ਸੀ | ਉਸ ਨੇ ਕਿਹਾ ਕਿ ਜਦ ਉਹ ਵਿਧਾਇਕ ਦੇ ਦਫ਼ਤਰ ਗੱਲਬਾਤ ਕਰਨ ਪੁੱਜਾ ਤਾਂ ਵਿਧਾਇਕ ਨੇ ਉਸ ਨਾਲ ਬਦਸਲੂਕੀ ਕੀਤੀ | ਉਸ ਨੇ ਦੋਸ਼ ਲਗਾਇਆ ਕਿ ਵਿਧਾਇਕ ਪੱਪੀ ਵਲੋਂ ਲਗਾਤਾਰ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਅਮਲੇ ਭੇਜ ਕੇ ਵੇਦ ਮੰਦਰ ਵਾਲੇ ਰੋਡ 'ਤੇ ਲੱਗ ਰਹੀਆਂ ਰੇਹੜੀਆਂ, ਫੜੀਆਂ ਨੰੂ ਚੁਕਵਾਇਆ ਜਾ ਰਿਹਾ ਹੈ ਤੇ ਮੇਲੇ ਨੰੂ ਬੰਦ ਕਰਵਾਉਣ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਸਨੇ ਵਿਧਾਇਕ ਪੱਪੀ 'ਤੇ ਜਾਤੀ ਦੇ ਆਧਾਰ 'ਤੇ ਉਸ ਨਾਲ ਮੇਲੇ ਨੰੂ ਲੈਕੇ ਧੱਕੇਸ਼ਾਹੀ ਕਰਨ ਦਾ ਵੀ ਦੋਸ਼ ਲਗਾਇਆ | ਰਾਮ ਲੀਲਾ ਕਮੇਟੀ ਦੇ ਆਗੂਆਂ ਨੇ ਵੀ ਸੋਭਾ ਯਾਤਰਾ ਰੋਕੇ ਠੇਕੇਦਾਰ ਦੇ ਹੱਕ 'ਚ ਧਰਨਾ ਦਿੱਤਾ | ਇਸ ਮੌਕੇ ਰਾਮ ਲੀਲਾ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਵਲੋਂ ਜੋ ਦੁਸਹਿਰੇ ਨੰੂ ਲੈਕੇ ਨਿਰੰਤਰ ਰੋਜ਼ ਸੋਭਾ ਯਾਤਰਾ ਕੱਢੀ ਜਾਂਦੀ ਹੈ | ਇਸ ਯਾਤਰਾ ਨੂੰ ਦਰੇਸੀ ਚੌਕ ਦੇ ਕੋਲ ਰੋਕ ਕੇ ਠੇਕੇਦਾਰ ਦੇ ਹੱਕ ਵਿਚ ਧਰਨਾ ਦਿੱਤਾ | ਉੱਥੇ ਦੇਰ ਰਾਤ ਇਸ ਧਰਨੇ 'ਚ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਾਜਾ ਵੜਿੰਗ ਤੇ ਹਿੰਦੂ ਸੰਗਠਨਾਂ ਨੇ ਸ਼ਿਰਕਤ ਕੀਤੀ | ਸੰਸਦ ਮੈਂਬਰ ਰਾਜਾ ਵੜਿੰਗ ਨੇ ਮੇਲੇ ਦੇ ਠੇਕੇਦਾਰ ਨੂੰ ਮੇਲਾ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਡੀ.ਸੀ. ਨੇ ਫੋਨ ਰਾਹੀਂ ਠੇਕੇਦਾਰ ਨੂੰ ਮੇਲਾ ਸ਼ੁਰੂ ਕਰਨ ਲਈ ਆਖਿਆ | ਇਸ ਭਰੋਸੇ ਤੋਂ ਬਾਅਦ ਠੇਕੇਦਾਰ ਨੇ ਮੇਲਾ ਸ਼ੁਰੂ ਕਰ ਦਿੱਤਾ |