ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਅਤੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵੱਈ 'ਤੇ ਜੁੱਤੀ ਸੁੱਟਣ ਅਤੇ ਰਾਏਬਰੇਲੀ ਵਿਚ ਹਰੀਓਮ ਵਾਲਮੀਕਿ ਦੀ ਹੱਤਿਆ ਵਰਗੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਭਾਜਪਾ ਸਰਕਾਰਾਂ ਦੇ ਸ਼ਾਸਨ ਵਿਚ ਦਲਿਤ ਸਮਾਜ 'ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਨਿਰਦੇਸ਼ਕ ਵੀਰੇਸ਼ ਨਰੇਸ਼ ਧੀਂਗਨ ਅਤੇ ਭਾਵਾਧਸ ਰਾਜਨੀਤਿਕ ਵਿੰਗ ਦੇ ਜਨਰਲ ਸਕੱਤਰ ਰਵੀ ਬਾਲੀ ਵਲੋਂ ਵਾਈ. ਪੂਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਉਪਰੰਤ ਕੀਤਾ ਗਿਆ | ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਸੁਸਾਈਡ ਨੋਟ ਵਿਚ 10 ਤੋਂ 12 ਵਿਅਕਤੀਆਂ ਦੇ ਨਾਮ ਲਿਖ ਕੇ ਗਏ ਸਨ, ਪਰ ਉਨ੍ਹਾਂ ਦੇ ਖ਼ਿਲਾਫ਼ ਹਰਿਆਣਾ ਦੀ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ ਤੇ ਉਲਟਾ ਪੂਰਨ ਸਿੰਘ ਦੇ ਪਰਿਵਾਰ ਖ਼ਿਲਾਫ਼ ਹੀ ਮਾਮਲਾ ਦਰਜ ਕਰ ਲਿਆ ਗਿਆ, ਜੋ ਕਿ ਇਕ ਸੋਝੀ ਸਮਝੀ ਸਾਜ਼ਿਸ਼ 'ਤੇ ਪਰਿਵਾਰ ਨੂੰ ਦਬਾਉਣ ਲਈ ਕੀਤੀ ਗਈ ਸਾਜ਼ਿਸ਼ ਹੈ ਅਤੇ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵਈ ਉਤੇ ਇਕ ਹੰਕਾਰੀ ਵਕੀਲ ਨੇ ਜੁੱਤੀ ਸੁੱਟੀ ਸੀ ਅਤੇ ਚੀਫ਼ ਜਸਟਿਸ ਦਾ ਜੁੱਤੀ ਸੁੱਟ ਕੇ ਅਪਮਾਨ ਕੀਤਾ ਸੀ ਅਤੇ ਰਾਏਬਰੇਲੀ ਵਿਚ ਵੀ ਵਾਲਮੀਕਿ ਸਮਾਜ ਦੇ ਹਰੀਓਮ ਵਾਲਮੀਕਿ ਦੇ ਲੰਗਰ ਖਾਣ 'ਤੇ ਉਚ ਜਾਤੀ ਦੇ ਲੋਕਾਂ ਵਲੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ, ਜੋ ਕਿ ਸਾਬਤ ਕਰਦਾ ਹੈ ਕਿ ਮੌਜੂਦਾ ਸਮੇਂ ਦਲਿਤਾਂ-ਪੱਛੜੇ ਵਰਗਾਂ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਦੇਸ਼ ਭਰ ਦਾ ਦਲਿਤ ਭਾਈਚਾਰਾ ਪੂਰਨ ਸਿੰਘ ਦੇ ਪਰਿਵਾਰ ਨਾਲ ਖੜ੍ਹਾ ਹੈ | ਇਸ ਮੌਕੇ ਸ਼ਿਵ ਕੁਮਾਰ ਬਿਡਲਾਨ, ਰਵੀ ਬਾਲੀ, ਅਜੇਪਾਲ ਦਿਸ਼ਾਵਰ, ਵੀਰ ਮੁਕੇਸ਼ ਸਿਰਸਵਾਲ, ਵੀਰ ਪਰਵੀਨ ਟਾਂਕ, ਵੀਰ ਸੂਰਤ ਸਿੰਘ, ਵੀਰ ਰਣਬੀਰ ਸਿੰਘ ਬੋਹਤ, ਵੀਰ ਉਦੇਸ਼ ਪੁਹਾਲ, ਵਿੱਕੀ ਰਹੇਲਾ ਯੂਨੀਅਨ ਪ੍ਰਧਾਨ, ਪਿੰਕਾ ਚੰਡਾਲਿਆ ਜ਼ਿਲ੍ਹਾ ਪ੍ਰਧਾਨ, ਰਵੀ ਮਤੰਗ ਸ਼ਹਿਰੀ ਪ੍ਰਧਾਨ, ਪ੍ਰਧਾਨ ਪ੍ਰਦੀਪ ਲਾਂਬਾਵੀਰ ਰਮੇਸ਼ ਕੁਮਾਰ ਸੌਦੇ, ਵੀਰ ਵਿਕਾਸ਼ ਸੌਦੇ, ਵੀਰ ਆਸ਼ੂ ਨੇ ਪਰਿਵਾਰ ਦੇ ਨਾਲ ਪੂਰੇ ਮਾਮਲੇ 'ਤੇ ਵਿਚਾਰ ਕੀਤਾ |