ਲੁਧਿਆਣਾ, 19 ਅਕਤੂਬਰ (ਜਤਿੰਦਰ ਭੰਬੀ)-ਪਿਛਲੇ ਇਕ ਹਫ਼ਤੇ ਤੋਂ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਦੇ ਸੈਂਟਰਲ ਐਗਰੋ ਟੈਕਨੀਕੋ ਰਿਜਨਲ ਦੇ ਵਫ਼ਦ ਵਲੋਂ ਪੀ.ਏ.ਯੂ. ਦਾ ਕੀਤਾ ਜਾ ਰਿਹਾ ਦੌਰਾ ਸਮਾਪਤ ਹੋਇਆ | ਵਾਈਸ ਚਾਂਸਲਰ ਦਫ਼ਤਰ 'ਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਪੀ.ਏ.ਯੂ. ਦੇ ਉਚ ਅਧਿਕਾਰੀਆਂ ਅਤੇ ਵਫ਼ਦ ਦੇ ਮਹਿਮਾਨਾਂ ਨੇ ਦੁਵੱਲੇ ਵਿਚਾਰ ਸਾਂਝੇ ਕੀਤੇ | ਜ਼ਿਕਰਯੋਗ ਹੈ ਕਿ ਇਸ ਵਫ਼ਦ ਵਿਚ ਤਿੰਨ ਅਧਿਆਪਕ ਅਤੇ ਚਾਰ ਵਿਦਿਆਰਥੀ ਸ਼ਾਮਿਲ ਸਨ | ਇਹ ਅਧਿਆਪਕ ਅਤੇ ਵਿਦਿਆਰਥੀ ਬਿਊਨਸ ਆਇਰਸ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਸਭਿਆਚਾਰਕ ਵਟਾਂਦਰਾ ਪ੍ਰੋਗਰਾਮ ਦੇ ਸਬੱਬ ਨਾਲ ਪੀ.ਏ.ਯੂ. ਵਿਖੇ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਪੀ.ਏ.ਯੂ. ਦੇ ਅਕਾਦਮਿਕ ਖੋਜ ਅਤੇ ਪਸਾਰ ਕਾਰਜਾਂ ਅਤੇ ਪੰਜਾਬ ਦੇ ਖੇਤੀ ਵਿਕਾਸ ਵਿਚ ਪੀ.ਏ.ਯੂ. ਦੇ ਯੋਗਦਾਨ ਨੂੰ ਜਾਣਿਆ | ਸਮਾਪਤੀ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮੁੱਚੇ ਵਫ਼ਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗੁਰੂਜਨਾਂ ਦੀ ਜਗਿਆਸਾ, ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਦੇ ਲਗਾਓ ਅਤੇ ਯੂਨੀਵਰਸਿਟੀ ਦੇ ਕੰਮਾਂ-ਕਾਰਾਂ ਬਾਰੇ ਪੁੱਛ ਪੜਤਾਲ ਇਹ ਸਾਬਤ ਕਰਦੀ ਹੈ ਕਿ ਅਰਜਨਟੀਨੀ ਮਾਹੌਲ ਵਿਚ ਸਿੱਖਿਆ ਕਿੰਨੀ ਅਹਿਮ ਹੈ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇਸ਼ ਤੋਂ ਬਾਹਰਲੀਆਂ ਸੰਸਥਾਵਾਂ ਨਾਲ ਅਕਾਦਮਿਕ ਅਤੇ ਖੋਜ ਤਜਰਬਿਆਂ ਦੇ ਵਟਾਂਦਰੇ ਵਿਚ ਯਕੀਨ ਰੱਖਦੀ ਹੈ | ਇਸ ਦਿਸ਼ਾ ਵਿਚ ਉਨ੍ਹਾਂ ਨੇ ਇਸ ਵਫ਼ਦ ਦੇ ਦੌਰੇ ਨੂੰ ਮਹੱਤਵਪੂਰਨ ਕਰਾਰ ਦਿੱਤਾ | ਜ਼ਿਕਰਯੋਗ ਹੈ ਕਿ ਅਰਜਨਟੀਨੀ ਵਫ਼ਦ ਨੇ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ ਸਾਹਿਬ ਦਾ ਦੌਰਾ ਕੀਤਾ ਅਤੇ ਪੰਜਾਬ ਦੀ ਪੇਂਡੂ ਪਿੱਠ-ਭੂਮੀ ਬਾਰੇ ਮਾਲੂਮਾਤ ਹਾਸਲ ਕੀਤੀ | ਇਸਦੇ ਨਾਲ ਹੀ ਇਹ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੰਜਾਬ ਦੇ ਭਵਿੱਖ ਸੰਬੰਧੀ ਸਿਆਸੀ ਨਜ਼ਰੀਏ ਤੋਂ ਜਾਣੂੰ ਹੋਇਆ | ਉਨ੍ਹਾਂ ਪੰਜਾਬ ਦੇ ਸਭਿਆਚਾਰ ਦੀ ਅਮੀਰੀ ਨੂੰ ਦੇਖਣ ਲਈ ਪੇਂਡੂ ਜੀਵਨ ਦੇ ਅਜਾਇਬ ਘਰ ਵਿਖੇ ਜਾ ਕੇ ਉਥੋਂ ਦੀਆਂ ਵਸਤਾਂ ਨੂੰ ਵੀ ਦੇਖਿਆ | ਪੀ.ਏ.ਯੂ. ਦੇ ਉਚ ਅਧਿਕਾਰੀਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ | ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਅÏਲਖ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ. ਕਿਰਨ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ.ਪੀ.ਐਸ. ਸੋਢੀ ਨੇ ਇਸ ਵਫ਼ਦ ਵਿਚ ਸ਼ਾਮਿਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਉਤਸੁਕਤਾ ਅਤੇ ਜਗਿਆਸਾ ਦੀ ਪ੍ਰਸ਼ੰਸਾ ਕੀਤੀ | ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ |