ਵੱਖ-ਵੱਖ ਸਕੂਲਾਂ 'ਚ ਦੀਵਾਲੀ ਦਾ ਤਿਉਹਾਰ ਗਰਮ ਜੋਸ਼ੀ ਨਾਲ ਮਨਾਇਆ <br/>
ਅਜੀਤ ਡੈਸਕ
20-10-2025
ਬੀ.ਸੀ.ਐਮ. ਆਰੀਆ ਸਕੂਲ ਲਲਤੋਂ
ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਲੋਂ ਉਤਸ਼ਾਹ ਅਤੇ ਜੋਸ਼ ਨਾਲ ਕਲਾ ਉਤਸਵ ਅਤੇ ਦੀਵਾਲੀ ਮੇਲਾ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਡਿੰਪਲ ਮਦਾਨ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਸਕੂਲ ਮੈਨੇਜਰ ਸੰਜੇ ਖੋਸਲਾ ਅਤੇ ਡਾਇਰੈਕਟਰ ਡਾ. ਪਰਮਜੀਤ ਕੌਰ ਨੇ ਜੀ ਆਇਆਂ ਕਿਹਾ | ਇਸ ਮੌਕੇ ਲਗਾਈ ਪ੍ਰਦਰਸ਼ਨੀ ਵਿਚ ਵੱਖ-ਵੱਖ ਥੀਮ ਗਣਿਤ ਹੱਬ, ਸਾਇਨੋਵਾ (ਵਿਗਿਆਨਕ ਨਵੀਨਤਾ), ਟੈੱਕ ਵਰਲਡ, ਗੁਰੂਕੁਲਿਅਮ, ਹਿੰਦੀ ਪ੍ਰਦਰਸ਼ਨੀ, ਪੰਜਾਬੀ ਸਭਿਆਚਾਰ ਅਤੇ ਭਾਸ਼ਾ ਲੌਂਜ ਵਰਗੀਆਂ ਸਟਾਲਾਂ ਲਗਾਈਆਂ ਗਈਆਂ, ਦੇ ਰਾਹੀਂ ਵਿਦਿਆਰਥੀਆਂ ਨੇ ਨਵਚੇਤਨਾ, ਆਲੋਚਨਾਤਮਿਕ ਸੋਚ ਅਤੇ ਟੀਮ ਵਰਕ ਨੂੰ ਦਰਸਾਉਂਦੀਆਂ ਰਚਨਾਤਮਿਕ ਅਤੇ ਜਾਣਕਾਰੀ ਭਰਪੂਰ ਝਲਕ ਪੇਸ਼ ਕੀਤੀ | ਮੇਲੇ ਵਿਚ ਖਾਣ-ਪੀਣ ਦੇ ਸਟਾਲ, ਖੇਡਾਂ, ਝੂਲੇ ਅਤੇ ਸਜਾਵਟੀ ਚੀਜ਼ਾਂ ਦੇ ਖ਼ੂਬਸੂਰਤ ਸਟਾਲ ਲਗਾਏ ਗਏ ਸਨ, ਜਿਸ ਨੇ ਮਾਹੌਲ ਜੀਵੰਤ ਅਤੇ ਖ਼ੁਸ਼ਗਵਾਰ ਬਣ ਗਿਆ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਸਿੱਖਿਆ, ਰਚਨਾਤਮਿਕਤਾ, ਸਭਿਆਚਾਰ ਅਤੇ ਤਿਉਹਾਰ ਨੂੰ ਸੁੰਦਰ ਢੰਗ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਤਿਭਾ ਪ੍ਰਦਰਸ਼ਨ ਲਈ ਖ਼ੁਸ਼ੀ ਭਰਿਆ ਮੰਚ ਪ੍ਰਦਾਨ ਕੀਤਾ |
ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਸੜਕ
ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਸੜਕ ਲੁਧਿਆਣਾ ਦੇ ਆਰੀਆ ਯੁਵਾ ਸਮਾਜ ਦੇ ਵਲੰਟੀਅਰਾਂ ਨੇ ਦੀਵਾਲੀ ਮੌਕੇ ਲੋੜਵੰਦਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਸਕੂਲ ਦੇ ਵਿਦਿਆਰਥੀ ਸ੍ਰੀ ਬਾਲਾਜੀ ਪ੍ਰੇਮ ਆਸ਼ਰਮ, ਨਿਖਿਲ ਵਿਦਿਆਲਿਆ ਦੇ ਵਿਦਿਆਰਥੀਆਂ ਅਤੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਦਾਅਵਤ ਦੇਣ ਲਈ ਮਠਿਆਈਆਂ, ਫਲ, ਬੇਕਰੀ, ਕਰਿਆਨੇ ਅਤੇ ਦੀਵਾਲੀ ਸਜਾਵਟ ਦੀਆਂ ਚੀਜ਼ਾਂ ਤੋਹਫ਼ੇ ਲੈ ਕੇ ਗਏ | ਦੋਵਾਂ ਆਸ਼ਰਮਾਂ ਦੇ ਨਿਵਾਸੀਆਂ ਨੇ ਟੀਮ ਮੈਂਬਰਾਂ ਦਾ ਪਿਆਰ ਨਾਲ ਸਵਾਗਤ ਕੀਤਾ | ਵਿਦਿਆਰਥੀਆਂ ਨੇ ਬਜ਼ੁਰਗਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਸੋਹਣਾ ਅਤੇ ਯਾਦਗਾਰ ਸਮਾਂ ਬਤੀਤ ਕੀਤਾ | ਕੋਆਰਡੀਨੇਟਰ ਸ਼ਵੇਤਾ ਕਪਲਿਸ਼, (ਸਕੂਲ ਆਰੀਆ ਯੁਵਾ ਸਮਾਜ ਯੂਨਿਟ) ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਅਤੇ ਉਪਰਾਲਿਆਂ ਰਾਹੀਂ ਨੌਜਵਾਨ ਵਿਦਿਆਰਥੀਆਂ 'ਚ ਪਰਉਪਕਾਰ ਅਤੇ ਨਿਸ਼ਕਾਮ ਸੇਵਾ ਦੀਆਂ ਕਦਰਾਂ-ਕੀਮਤਾਂ ਵਿਕਸਿਤ ਹੁੰਦੀਆਂ ਹਨ | ਪਿ੍ੰਸੀਪਲ ਡਾ.ਸਤਵੰਤ ਕੌਰ ਭੁੱਲਰ ਨੇ ਸਾਰਿਆਂ ਨੂੰ ਦਿਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਸੜਕ
ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਧਾਂਦਰਾ ਸੜਕ ਵਿਖੇ ਦੀਵਾਲੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਸ਼ੁੱਭ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ 'ਤੇ ਨਾਚ ਪੇਸ਼ ਕੀਤੇ, ਉਨ੍ਹਾਂ ਵਿਚਕਾਰ ਦੀਵਾਲੀ ਨਾਲ ਸੰਬੰਧਿਤ ਕਈ ਗਤੀਵਿਧੀਆਂ ਦੀਵਾ, ਮੋਮਬੱਤੀ ਸਜਾਵਟ ਅਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ | ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ | ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ ਅਤੇ ਪਿ੍ੰਸੀਪਲ ਸ਼ਿਖਾ ਗਿੱਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ |
ਦੂਨ ਔਕਸਫੋਰਡ ਸਕੂਲ ਠੱਕਰਵਾਲ
ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਕਿੰਡਨ ਗਾਰਟਨ ਦੇ ਬੱਚਿਆਂ ਤੋਂ ਲੈ ਕੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਦੀਵੇ, ਮੋਮਬਤੀਆਂ ਦੀ ਸਜਾਵਟ, ਰੰਗੋਲੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ ਅਤੇ ਬੱਚਿਆਂ ਨੂੰ ਪ੍ਰੋਜੈਕਟ ਕਮਰੇ 'ਚ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ-ਆਪਣੇ ਹਾਊਸ ਦੁਆਰਾ ਸਕੂਲ ਦੇ ਵੱਖ-ਵੱਖ ਹਿੱਸਿਆਂ ਵਿਚ ਰੰਗੋਲੀ, ਗਰੀਨ ਬੋਰਡ ਦੀ ਸਜਾਵਟ ਕੀਤੀ ਅਤੇ ਜੇਤੂ ਹਾਊਸ ਨੂੰ ਸਕੂਲ ਦੇ ਪਿ੍ੰਸੀਪਲ ਵਲੋਂ ਪਹਿਲਾ, ਦੂਜਾ, ਤੀਜਾ ਇਨਾਮ ਵੀ ਦਿੱਤੇ ਗਏ | ਇਸ ਮੌਕੇ ਸਕੂਲ ਦੇ ਮੈਨੇਜਿੰਗ ਕਮੇਟੀ ਵਲੋਂ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਪਿ੍ੰਸੀਪਲ ਵਲੋਂ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ ਗਿਆ |
ਦਸਮੇਸ਼ ਪਬਲਿਕ ਹਾਈ ਸਕੂਲ ਲਲਤੋਂ ਕਲਾਂ
ਦਸਮੇਸ਼ ਪਬਲਿਕ ਹਾਈ ਸਕੂਲ ਲਲਤੋਂ ਕਲਾਂ ਵਿਖੇ ਦਿਵਾਲੀ ਮੇਲਾ ਬੜੀ ਧੂਮ ਧਾਮ ਨਾਲ ਪਿ੍ੰਸੀਪਲ ਕਿਰਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਆਧਾਰਤ ਮਾਡਲ ਤਿਆਰ ਕੀਤੇ ਗਏ ਸਕੂਲ ਸਟਾਫ਼ ਮਨਦੀਪ ਕੌਰ ਵਲੋਂ ਬੱਚਿਆਂ ਨਾਲ ਮਿਲ ਕੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਦਰਸਾਇਆ ਗਿਆ | ਅਧਿਆਪਕਾਂ ਕਮਲਜੀਤ ਕੌਰ, ਪਵਨਦੀਪ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ, ਮਧੂ ਸ਼ਰਮਾ, ਨੈਨਸੀ ਗਰੇਵਾਲ, ਸੰਦੀਪ ਕੌਰ, ਨੀਤੂ ਸ਼ਾਹੀ, ਮਨਦੀਪ ਕੌਰ, ਰੋਮਨਪ੍ਰੀਤ ਕੌਰ, ਮਨਮਿੰਦਰ ਕੌਰ ਵਲੋਂ ਵਿਦਿਆਰਥੀਆਂ ਨਾਲ ਮਿਲ ਕੇ ਵੱਖ-ਵੱਖ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ | ਇਸ ਮੌਕੇ ਸਕੂਲ ਦੇ ਪ੍ਰਧਾਨ ਮੋਹਨ ਸਿੰਘ, ਕਮੇਟੀ ਮੈਂਬਰ ਸੁਰਿੰਦਰਪਾਲ ਗੋਇਲ, ਦਰਸ਼ਨ ਸਿੰਘ, ਜਗਜਿੰਦਰਾ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |