ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਕਿ੍ਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵਿਖੇ ਪ੍ਰਸਿੱਧ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਅਤੇ ਮੈਡੀਕਲ ਇਨੋਵੇਟਰ ਡਾ. ਨਰੇਂਦਰ ਨਾਥ ਖੰਨਾ ਵਲੋਂ ''ਵੈਸਕੂਲਰ ਇੰਟਰਵੈਂਸ਼ਨ ਇਨ ਇੰਡੀਆ'' ਵਿਸ਼ੇ 'ਤੇ ਵਿਸ਼ੇਸ਼ ਭਾਸ਼ਨ ਦਿੱਤਾ ਗਿਆ | ਡਾ. ਖੰਨਾ, ਜੋ ਇਸ ਵੇਲੇ ਇੰਦ੍ਰਪ੍ਰਸਥ ਅਪੋਲੋ ਹਸਪਤਾਲ, ਨਵੀਂ ਦਿੱਲੀ ਵਿਚ ਸੀਨੀਅਰ ਕੰਸਲਟੈਂਟ ਅਤੇ ਅਪੋਲੋ ਗਰੁੱਪ ਆਫ਼ ਹਸਪਤਾਲ ਦੇ ਐਡਵਾਈਜ਼ਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ, ਨੂੰ ਭਾਰਤ ਦੇ ਸਭ ਤੋਂ ਪ੍ਰਮੁੱਖ ਇੰਟਰਵੈਂਸ਼ਨਲ ਕਾਰਡੀਓਲੋਜਿਸਟਾਂ 'ਚੋਂ ਇਕ ਮੰਨਿਆ ਜਾਂਦਾ ਹੈ | ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਭਾਰਤ 'ਚ ਵੈਸਕੁਲਰ ਇੰਟਰਵੈਂਸ਼ਨ ਦੇ ਵਿਕਾਸ 'ਤੇ ਚਰਚਾ ਕਰਦਿਆਂ ਨੌਜਵਾਨਾਂ ਵਿਚ ਦਿਲ ਦੇ ਦੌਰਿਆਂ ਦੇ ਵਧਦੇ ਕੇਸਾਂ 'ਤੇ ਵੀ ਚਿੰਤਾ ਜਤਾਈ | ਡਾ. ਖੰਨਾ ਨੇ ਕਿਹਾ ਕਿ ਅੱਜ ਕੱਲ੍ਹ 30 ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ਵਿਚ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਦਿਲ ਦੀ ਸਿਹਤ ਲਈ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ''ਸਿਹਤਮੰਦ ਖੁਰਾਕ, ਨਿਯਮਤ ਕਸਰਤ, ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹਿਣਾ ਅਤੇ ਮਨੋਵਿਗਿਆਨਕ ਤਣਾਅ ਤੋਂ ਬਚਣਾ, ਇਹ ਸਭ ਦਿਲ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਸਟੈਮ ਸੈੱਲ ਥੈਰੇਪੀ ਵਰਗੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਸੀ.ਐਮ.ਸੀ. ਵਿਚ ਹੋਇਆ ਇਹ ਭਾਸ਼ਣ ਫੈਕਲਟੀ ਮੈਂਬਰਾਂ, ਰਿਹਾਇਸ਼ੀ ਡਾਕਟਰਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਕ ਸਾਬਤ ਹੋਈ | ਅੰਤ 'ਚ ਡਾ. ਗੁਰਭੇਜ ਸਿੰਘ, ਹੈੱਡ ਆਫ਼ ਦ ਡਿਪਾਰਟਮੈਂਟ ਆਫ਼ ਕਾਰਡੀਓਲੋਜੀ ਨੇ ਸਾਰੇ ਫੈਕਲਟੀ ਡਾਕਟਰਾਂ, ਨਰਸਿੰਗ ਸਟਾਫ਼, ਪਿ੍ੰਸੀਪਲ ਅਤੇ ਪ੍ਰਬੰਧਨ ਟੀਮ ਦੇ ਨਾਲ ਮਿਲ ਕੇ ਡਾ. ਨਰੇਂਦਰ ਨਾਥ ਖੰਨਾ ਦਾ ਸਨਮਾਨ ਕੀਤਾ |