ਲੁਧਿਆਣਾ, 1 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ 'ਤੇ ਚਿੰਤਾ ਜਤਾਉਂਦੇ ਹੋਏ, ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਬੀਤੇ ਕੱਲ੍ਹ ਜਗਰਾਉਂ ਵਿਚ 26 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਸ ਤੋਂ ਇਲਾਵਾ ਸੂਬੇ ਵਿਚ ਹਰ ਰੋਜ਼ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਧੀਮਾਨ ਨੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਲੈਕੇ 'ਆਪ' ਸਰਕਾਰ ਉਤੇ ਵਿਸ਼ਵਾਸ ਕਰਦਿਆਂ, ਇਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ, ਪਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ 'ਆਪ' ਸਰਕਾਰ ਦੇ ਨੁਮਾਇੰਦਿਆਂ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਅੱਜ ਪੰਜਾਬ ਦੇ ਲੋਕ 'ਆਪ' ਸਰਕਾਰ ਨੂੰ ਚੁਣ ਕੇ ਖ਼ੂਨ ਦੇ ਹੰਝੂ ਵਹਾਉਣ ਲਈ ਮਜਬੂਰ ਹਨ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਕੁਮਾਰ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਮੀਚ ਪ੍ਰਧਾਨ ਮਹੇਸ਼ ਸ਼ਰਮਾ, ਡਾ. ਨਿਰਮਲ ਨਈਅਰ, ਮਨੀਸ਼ ਚੋਪੜਾ, ਸਹਿ ਖ਼ਜ਼ਾਨਚੀ ਅਤੁੱਲ ਜੈਨ, ਬੁਲਾਰੇ ਸੁਰੇਂਦਰ ਕੌਸ਼ਲ ਅਤੇ ਕਾਨੂੰਨੀ ਸੈਲ ਦੇ ਪ੍ਰਧਾਨ ਕੇ.ਜੀ. ਸ਼ਰਮਾ ਮੌਜੂਦ ਸਨ |