ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਸ਼ਹਿਰ ਵਿਚ ਕੂੜੇ ਦੇ ਉਚਿਤ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਹੋ ਚੁੱਕਾ ਹੈ | ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰਾਂ ਦਾ ਅੰਬਾਰ ਲੱਗਾ ਹੋਇਆ ਹੈ ਤੇ ਗੰਦਗੀ ਆਮ ਦਿ੍ਸ਼ ਬਣ ਚੁੱਕੀ ਹੈ | ਅਰੋੜਾ ਪੈਲੇਸ ਵਾਲੀ ਸੜਕ 'ਤੇ ਲੰਮੇ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਥੇ ਦੀਆਂ ਦੁਕਾਨਾਂ ਦੇ ਮਾਲਕ ਕਾਫੀ ਪ੍ਰੇਸ਼ਾਨ ਹਨ | ਦੁਕਾਨਦਾਰਾਂ ਨੇ ਦੱਸਿਆ ਕਿ ਨਿਗਮ ਕਰਮਚਾਰੀ ਹੋਰ ਰੋਜ਼ ਇਥੇ ਕੂੜਾ ਸੁੱਟ ਜਾਂਦੇ ਹਨ, ਜਿਸ ਨਾਲ ਨਾ ਸਿਰਫ ਗੰਦੀ ਬਦਬੂ ਆਉਂਦੀ ਹੈ, ਸਗੋਂ ਬੀਮਾਰੀਆਂ ਦੇ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ | ਇਸੇ ਤਰ੍ਹਾ ਸਥਾਨਕ ਭਾਜਪਾ ਦਫਤਰ ਵਾਲੇ ਦੁਗਰੀ ਰੋਡ ਦੇ ਕਿਨਾਰੇ ਲਗਾਏ ਗਏ ਬੂਟਿਆਂ ਦੇ ਕੋਲ ਵੀ ਕੂੜੇ ਦੇ ਢੇਰ ਜਮ੍ਹਾਂ ਹੋ ਗਏ ਹਨ | ਕੂੜੇ ਦੇ ਸੰਪਰਕ ਨਾਲ ਇਹ ਬੂਟੇ ਵੀ ਸੁੱਕ ਗਏ ਹਨ | ਇਹ ਹਾਲਤ ਸਿਰਫ ਇਨ੍ਹਾਂ ਇਲਾਕਿਆਂ ਤੱਕ ਸੀਮਤ ਨਹੀਂ, ਸਾਰੇ ਸ਼ਹਿਰ ਵਿਚ ਹੀ ਇਹੀ ਨਜ਼ਾਰਾ ਹੈ | ਸਭ ਤੋ ਚਿੰਤਾਜਨਕ ਦੀ ਗੱਲ ਇਹ ਹੈ ਕਿ ਕੂੜੇ ਨੰੂ ਵਾਰ-ਵਾਰ ਅੱਗ ਵੀ ਲਗਾਈ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਹਵਾ ਹੋਰ ਜਿਆਦਾ ਪ੍ਰਦੂਸ਼ਿਤ ਹੋ ਰਹੀ ਹੈ | ਇਕ ਪਾਸੇ ਲੋਕ ਪਰਾਲੀ ਸਾੜਨ ਦੇ ਧੂੰਏ ਨਾਲ ਪ੍ਰੇਸ਼ਾਨ ਹਨ | ਦੂਜੇ ਪਾਸੇ ਨਗਰ ਨਿਗਮ ਵਲੋਂ ਕੂੜੇ ਨੰੂ ਅੱਗ ਲਗਾਉਣ ਨਾਲ ਇਸ ਧੂੰਏ ਦੀ ਮਾਰ ਹੋਰ ਵੱਧ ਰਹੀ ਹੈ | ਇਸ ਸਾਰੀ ਸਥਿਤੀ ਵਿਚ ਨਗਰ ਨਿਗਮ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ ਹੈ | ਉਚ ਅਧਿਕਾਰੀਆਂ ਵਲੋਂ ਮੈਦਾਨੀ ਜਾਂਚ ਦੇ ਆਦੇਸ਼ਾਂ ਦੇ ਬਾਵਜੂਦ ਮੌਕੇ 'ਤੇ ਕਿਸੇ ਵੀ ਅਫਸਰ ਦੀ ਹਾਜ਼ਰੀ ਨਹੀਂ ਦਿਖਦੀ | ਸ਼ਹਿਰ ਵਾਸੀਆਂ ਵਿਚ ਇਸ ਮਾਮਲੇ ਨੰੂ ਲੈਕੇ ਨਗਰ ਨਿਗਮ ਵਿਰੱੁਧ ਰੋਸ ਦਿਨੋ ਦਿਨ ਵੱਧ ਰਿਹਾ ਹੈ | ਲੋਕਾਂ ਦੀ ਮੰਗ ਹੈ ਕਿ ਨਿਗਮ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਕੂੜੇ ਦੇ ਉਚਿਤ ਪ੍ਰਬੰਧ ਕੀਤੇ ਜਾਣ ਤੇ ਅੱਗ ਲਗਾਉਣ ਦੇ ਮਾਮਲੇ 'ਤੇ ਸਖਤ ਰੋਕ ਲਗਾਈ ਜਾਵੇ |