ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰਗੋਬਿੰਦ ਨਗਰ ਵਿਚ ਅੱਜ ਦੇਰ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਗਏ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਕਾਰਨ ਇੱਕ 10 ਸਾਲ ਦਾ ਬੱਚਾ ਜ਼ਖਮੀ ਹੋ ਗਿਆ ਹੈ, ਜਿਸ ਨੂੰ ਕਿ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਿਸ ਜਦੋਂ ਨਗਰ ਕੀਰਤਨ ਦੌਰਾਨ ਹਰਗੋਬਿੰਦ ਨਗਰ ਵਿਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਬੰਦੂਕ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਉੱਥੇ ਭਗਦੜ ਮਚ ਗਈ ਅਤੇ ਇੱਕ ਗੋਲੀ ਨਗਰ ਕੀਰਤਨ ਵਿਚ ਸ਼ਾਮਿਲ ਪਾਰਥ ਨਾਮ ਦੇ ਬੱਚੇ ਦੇ ਪੱਟ 'ਤੇ ਲੱਗੀ | ਲਹੂ ਲੁਹਾਣ ਹੋਇਆ ਬੱਚਾ ਉੱਥੇ ਹੀ ਡਿੱਗ ਪਿਆ ਅਤੇ ਉਸਨੂੰ ਜਖਮੀ ਹਾਲਤ ਵਿੱਚ ਅਪੋਲੋ ਹਸਪਤਾਲ ਲਿਆਂਦਾ ਗਿਆ ਹੈ | ਸੂਚਨਾ ਮਿਲਦਿਆਂ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਉਸ ਵਕਤ ਤੱਕ ਉਕਤ ਗੋਲੀ ਚਲਾਉਣ ਵਾਲਾ ਵਿਅਕਤੀ ਉਥੋਂ ਫਰਾਰ ਹੋ ਚੁੱਕਾ ਸੀ | ਜਾਂਚ ਕਰ ਰਹੇ ਅਧਿਕਾਰੀ ਏਸੀਪੀ ਸਤਵਿੰਦਰ ਵਿਰਕ ਅਤੇ ਥਾਣਾ ਡਾਬਾ ਦੀ ਐਸਐਚਓ ਮੈਡਮ ਕੁਲਵੰਤ ਕੌਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਵੱਲੋਂ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਸ਼ਨਾਖਤ ਸੁਖਪਾਲ ਸਿੰਘ ਵਜੋਂ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿਚ ਫੋਰਸ ਤੈਨਾਤ ਕਰ ਦਿੱਤੀ ਗਈ ਹੈ |