ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਲੋਕ ਸਭਾ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨਟ ਨੂੰ ਭੰਗ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਹੈ | ਅੱਜ ਇੱਥੇ ਗੱਲਬਾਤ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਹੁਣ ਤਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ 'ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ | ਉਨ੍ਹਾਂ ਕਿਹਾ ਇਹ ਸਿਰਫ਼ ਇਕ ਪ੍ਰਸ਼ਾਸਕੀ ਕਦਮ ਨਹੀਂ, ਸਗੋਂ ਪੰਜਾਬ ਦੀ ਆਵਾਜ਼, ਪੰਜਾਬੀ ਪਹਿਚਾਣ ਅਤੇ ਸਿੱਖਿਆਕ ਖੁਦਮੂਖਤਿਆਰੀ ਉੱਤੇ ਸਿੱਧਾ ਹਮਲਾ ਹੈ | ਭਾਰਤ ਦੀ ਮੌਜੂਦਾ ਸਰਕਾਰ ਨੇ ਲਗਾਤਾਰ ਪੰਜਾਬ ਨਾਲ ਵਿਤਕਰੇਬਾਜ਼ੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ | ਢਿੱਲੋਂ ਨੇ ਕਿਹਾ ਕਿ ਇਹ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਪੰਜਾਬ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਵਾਲੇ ਫੈਸਲਿਆਂ ਦੀ ਲੜੀ ਵਿਚ, ਪੰਜਾਬ ਯੂਨੀਵਰਸਿਟੀ ਵਾਲਾ ਫੈਸਲਾ ਸ਼ਾਮਲ ਹੋ ਗਿਆ | ਇਹ ਯੂਨੀਵਰਸਿਟੀ ਸਿਰਫ਼ ਇੱਕ ਸਿੱਖਿਆਈ ਕੇਂਦਰ ਨਹੀਂ, ਸਗੋਂ ਪੰਜਾਬ ਦੀ ਸੰਸਕਿ੍ਤੀ, ਪੰਜਾਬੀ ਭਾਸ਼ਾ ਅਤੇ ਵਿਚਾਰਧਾਰਕ ਪਛਾਣ ਦੀ ਨੁਮਾਇੰਦਗੀ ਕਰਦੀ ਹੈ | ਕੇਂਦਰ ਸਰਕਾਰ ਪਹਿਲਾਂ ਵੀ ਇਸ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਉਸ ਵੇਲੇ ਸੈਨੇਟ ਵਿਚ ਪੰਜਾਬ ਦਾ ਬਹੁਮਤ ਹੋਣ ਕਾਰਨ ਇਹ ਮਨਸੂਬਾ ਨਾਕਾਮ ਰਹਿਆ ਸੀ | ਹੁਣ ਸਰਕਾਰ ਨੇ ਸੈਨੇਟ ਵਿੱਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ 47 ਤੋਂ ਘਟਾ ਕੇ ਕੇਵਲ 14 ਕਰ ਦਿੱਤੀ ਹੈ, ਜਦਕਿ ਨਾਮਜ਼ਦ ਮੈਂਬਰਾਂ ਦੀ ਗਿਣਤੀ 17 ਕਰ ਦਿੱਤੀ ਗਈ ਹੈ | ਇਸ ਨਾਲ ਸਰਕਾਰ ਨੂੰ ਯੂਨੀਵਰਸਿਟੀ ਉੱਤੇ ਪੂਰਾ ਕਬਜ਼ਾ ਹਾਸਲ ਹੋ ਜਾਵੇਗਾ ਅਤੇ ਪੰਜਾਬ ਦੇ ਹਿੱਤਾਂ ਨੂੰ ਪਾਸੇ ਧੱਕ ਦਿੱਤਾ ਜਾਵੇਗਾ |