ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫਰੀਦਕੋਟ ਤੋਂ ਚੱਲਿਆ ਨਗਰ ਕੀਰਤਨ ਅੱਜ ਤੜਕੇ ਲੁਧਿਆਣਾ ਪਹੁੰਚਿਆ ਜਿੱਥੇ ਕਿ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਾਰੀ ਸਵਾਗਤ ਕੀਤਾ ਗਿਆ | ਕੁਝ ਸਮਾਂ ਵਿਸ਼ਰਾਮ ਕਰਨ ਉਪਰੰਤ ਇਹ ਨਗਰ ਕੀਰਤਨ ਅੱਜ ਸਵੇਰੇ 10 ਵਜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ | ਨਗਰ ਕੀਰਤਨ ਪਹਿਲਾਂ ਵੀਰਵਾਰ ਰਾਤ 10 ਵਜੇ ਦੇ ਕਰੀਬ ਸ਼ਹਿਰ ਵਿੱਚ ਪਹੁੰਚਣਾ ਸੀ ਪਰ ਹਰ ਸ਼ਹਿਰ ਵਿਚ ਸੰਗਤਾਂ ਦੇ ਭਾਰੀ ਇਕੱਠ ਕਾਰਨ ਨਗਰ ਕੀਰਤਨ ਅੱਜ ਤੜਕੇ ਲੁਧਿਆਣਾ ਪਹੁੰਚਿਆ ਅਤੇ ਬੀਤੀ ਰਾਤ ਨਗਰ ਕੀਰਤਨ ਦੇ ਪ੍ਰੋਗਰਾਮ ਵਿਚ ਕੁਝ ਤਬਦੀਲੀ ਕੀਤੀ ਗਈ | ਪਹਿਲਾਂ ਨਗਰ ਕੀਰਤਨ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਿਸ਼ਰਾਮ ਕਰਨਾ ਸੀ ਪਰ ਦੇਰੀ ਕਾਰਨ ਨਗਰ ਕੀਰਤਨ ਨਾਨਕਸਰ ਜਗਰਾਉਂ ਵਿਖੇ ਬੀਤੀ ਰਾਤ ਵਿਸ਼ਰਾਮ ਕਰਨ ਲਈ ਰੁਕ ਗਿਆ | ਅੱਜ ਸਵੇਰੇ ਜਦੋਂ ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਨਗਰ ਕੀਰਤਨ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਆਪਣੀ ਯਾਤਰਾ ਦੁਬਾਰਾ ਸ਼ੁਰੂ ਕੀਤੀ | ਕਮਿਸ਼ਨਰੇਟ ਪੁਲਿਸ ਨੇ ਪਾਲਕੀ ਸਾਹਿਬ ਨੂੰ ਰਸਮੀ ਗਾਰਡ ਆਫ਼ ਆਨਰ ਵੀ ਭੇਟ ਕੀਤਾ | ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਮਦਨ ਲਾਲ ਬੱਗਾ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ, ਐਸਡੀਐਮ ਜਸਲੀਨ ਕੌਰ ਭੁੱਲਰ ਅਤੇ ਕਈ ਹੋਰਾਂ ਸਮੇਤ ਪਤਵੰਤਿਆਂ ਨੇ ਅਰਦਾਸ ਕੀਤੀ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ | ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਵਿੱਚੋਂ ਦੀ ਹੁੰਦਾ ਹੋਇਆ 22 ਨਵੰਬਰ ਨੂੰ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ |
ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਸਵਾਗਤ
ਸਥਾਨਕ ਸਬਜ਼ੀ ਮੰਡੀ ਚੌਕ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਬਾਜਵਾ, ਗੁਰਮੀਤ ਸਿੰਘ, ਗੁਰਬਜਨ ਸਿੰਘ, ਜਗਜੀਤ ਸਿੰਘ ਜੱਗਾ, ਗਿਆਨੀ ਕਸ਼ਮੀਰ ਸਿੰਘ, ਗਿਆਨੀ ਗੁਰਮੁੱਖ ਸਿੰਘ ਜਸਵੀਰ ਸਿੰਘ, ਹਰਮੋਹਨ ਸਿੰਘ, ਮੈਨੇਜਰ ਸਵਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪ੍ਰਧਾਨ ਜਸਪਾਲ ਸਿੰਘ ਢੱਲ ਦੀ ਅਗਵਾਈ ਹੇਠ ਸਵਾਗਤ
ਭਾਈ ਮੰਨਾ ਸਿੰਘ ਨਗਰ ਵਿਖੇ ਪ੍ਰਧਾਨ ਜਸਪਾਲ ਸਿੰਘ ਢੱਲ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਚੰਨੀ, ਕੌਂਸਲਰ ਅਰਾਧਨਾ ਅਟਵਾਲ, ਲਾਲਾ ਸੁਰਿੰਦਰ ਅਟਵਾਲ, ਮਾਤਾ ਵਿਪਨਪ੍ਰੀਤ ਕੌਰ, ਜੰਗ ਬਹਾਦਰ ਸਿੰਘ ਢੱਲ ਸਮੇਤ ਇਲਾਕੇ ਦੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਜਸਪਾਲ ਸਿੰਘ ਢੱਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਾਬਾ ਲੱਖਾ ਸਿੰਘ ਨਾਨਕਸਰ ਜਗਰਾਉਂ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ |
ਪ੍ਰਧਾਨ ਮਨਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਸਵਾਗਤ
ਸਲੇਮਟਾਬਰੀ ਵਿਖੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਮਨਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਸੁਸਾਇਟੀ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੂੰ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਤਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ, ਤਰਨਜੀਤ ਸਿੰਘ ਨਿਮਾਣਾ, ਪਰਮਜੀਤ ਸਿੰਘ, ਗੁਰਮੀਤ ਸਿੰਘ ਰੋਮੀ, ਇਸ਼ਪ੍ਰੀਤ ਸਿੰਘ, ਮਨਿੰਦਰਪਾਲ ਸਿੰਘ ਬੱਗਾ, ਹਰਅੰਜਨ ਸਿੰਘ, ਗੁਰਜੋਤ ਸਿੰਘ, ਅਮਰਜੀਤ ਸਿੰਘ, ਸਾਹਿਬ ਆਹੂਜਾ, ਗੁਰਮੀਤ ਸਿੰਘ ਆਹੂਜਾ, ਤਰਨਜੀਤ ਸਿੰਘ, ਜਤਿੰਦਰ ਸਿੰਘ ਸਭਰਵਾਲ ਆਦਿ ਹਾਜ਼ਰ ਸਨ |
ਇਸ ਮੌਕੇ ਬੋਲਦਿਆਂ ਅਸ਼ੋਕ ਪਰਾਸ਼ਰ ਪੱਪੀ ਅਤੇ ਮਦਨ ਲਾਲ ਬੱਗਾ ਅਤੇ ਹੋਰਾਂ ਨੇ ਇਸ ਪਲ ਨੂੰ ਸੱਚਮੁੱਚ ਇਤਿਹਾਸਕ ਦੱਸਿਆ | ਇਨ੍ਹਾਂ ਆਗੂਆਂ ਨੇ ਕਿਹਾ ਕਿ 'ਸਾਨੂੰ ਮਹਾਨ ਗੁਰੂ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੇਖਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਸਾਰੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਮਾਣ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ |' ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਹਿੰਮਤ, ਸੱਚਾਈ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਮਾਰਗ ਨੂੰ ਰੌਸ਼ਨ ਕੀਤਾ | ਨਗਰ ਕੀਰਤਨ ਦੇ ਰਸਤੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ | ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸਵਾਗਤੀ ਸਟਾਲ ਲਗਾਏ ਅਤੇ ਪੂਰੀ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ | ਨਗਰ ਕੀਰਤਨ 'ਚ ਸਕੂਲੀ ਬੱਚੇ ਵੀ ਸ਼ਾਮਿਲ ਸਨ | ਲੁਧਿਆਣਾ ਦਾ ਵਾਤਾਵਰਨ ਧਾਰਮਿਕ ਜੋਸ਼ ਨਾਲ ਗੂੰਜ ਉੱਠਿਆ, ਕਿਉਂਕਿ ਹਰ ਉਮਰ ਦੇ ਲੋਕ 'ਸਤਿਨਾਮ ਵਾਹਿਗੁਰੂ' ਅਤੇ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਨਾਅਰੇ ਲਗਾ ਰਹੇ ਸਨ |
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲੁਧਿਆਣਾ ਪੁੱਜਿਆ
ਅਜੀਤ ਡੈਸਕ
22-11-2025