ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਬੀਤੇ ਦਿਨੀਂ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਸ਼ਹਿਰ ਦੇ ਕਈ ਪਾਰਕਾਂ ਦੀ ਦੇਖਰੇਖ ਨਿੱਜੀ ਫਰਮਾਂ ਨੰੂ ਸੌਂਪਣ ਬਾਰੇ ਪ੍ਰਸਤਾਵ ਤਾਂ ਜ਼ਰੂਰ ਪਾਸ ਕਰ ਦਿੱਤੇ ਗਏ, ਪਰ ਮਾਡਲ ਟਾਊਨ ਗੋਲ ਮਾਰਕੀਟ ਦੀ ਪਾਰਕ ਦੀ ਲੰਬੇ ਸਮੇਂ ਤੋਂ ਬਦਤਰ ਹਾਲਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਇਸ ਲਾਪਰਵਾਹੀ ਕਾਰਨ ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵਿਚ ਭਾਰੀ ਰੋਸ ਪੈਦਾ ਹੋ ਰਿਹਾ ਹੈ | ਸੁਸਾਇਟੀ ਦੇ ਆਗੂਆਂ ਦਲਜੀਤ ਸਿੰਘ, ਅਰਵਿੰਦ ਸ਼ਰਮਾ ਨੇ ਦੱਸਿਆ ਕਿ ਪਾਰਕ ਦੇ ਪ੍ਰਵੇਸ਼ ਗੇਟ ਟੁੱਟੇ ਹੋਏ ਹਨ | ਪਾਰਕ ਦੇ ਅੰਦਰ ਪਏ ਘਾਹ ਝਾੜੀਆਂ ਨੰੂ ਚੁੱਕਿਆ ਨਹੀਂ ਜਾ ਰਿਹਾ ਹੈ | ਪਾਰਕ ਅੰਦਰ ਗੰਦਗੀ ਪਈ ਹੋਈ ਹੈ | ਪਾਰਕ ਵਿਚ ਲੱਗੀ ਰਿਵਰਸ ਵੈਡਿੰਗ ਮਸ਼ੀਨ ਕਦੇ ਚਾਲੂ ਹੀ ਨਹੀਂ ਹੋਈ | ਇਸ ਤੋਂ ਇਲਾਵਾ ਪਾਰਕ ਦੇ ਬਾਹਰ ਵੀ ਕੂੜਾ ਪਿਆ ਹੋਇਆ ਹੈ, ਜੋ ਨਿਗਮ ਦੇ ਦਾਅਵਿਆਂ ਨੰੂ ਝੂਠਾ ਸਾਬਤ ਕਰਦਾ ਹੈ | ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਮਿਸ਼ਨਰ ਨੰੂ ਪੱਤਰ ਭੇਜ ਕੇ ਇਸ ਪਾਰਕ ਦੀ ਦੇਖਰੇਖ ਕਮੇਟੀ ਬਣਾ ਕੇ ਸੁਸਾਇਟੀ ਨੰੂ ਸੌਂਪਣ ਦੀ ਮੰਗ ਵੀ ਕੀਤੀ ਗਈ ਸੀ, ਪਰ ਨਾ ਨਿਗਮ ਵਲੋਂ ਖੁਦ ਪਾਰਕ ਦੀ ਸੰਭਾਲ ਕੀਤੀ ਜਾ ਰਹੀ ਹੈ ਤੇ ਨਾ ਹੀ ਸੁਸਾਇਟੀ ਨੰੂ ਇਸ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ | ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਨਗਰ ਨਿਗਮ ਪਾਰਕ ਦੀ ਸਹੀ ਤਰ੍ਹਾਂ ਦੇਖਭਾਲ ਕਰੇ, ਨਹੀਂ ਤਾਂ ਪੀ.ਐਮ.ਸੀ. ਦੇ ਅਧੀਨ ਇਸ ਦੀ ਜ਼ਿੰਮੇਵਾਰੀ ਸੁਸਾਇਟੀ ਨੰੂ ਦੇਵੇ ਤਾਂ ਕਿ ਇਲਾਕਾ ਨਿਵਾਸੀਆਂ ਨੰੂ ਸਾਫ਼ ਸੁਥਰਾ ਪਾਰਕ ਮਿਲ ਸਕੇ | ਸੁਸਾਇਟੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਿਗਮ ਵਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਗੇ |