ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਮਾਸਟਰਜ਼ ਦੀ ਪੜ੍ਹਾਈ ਕਰਨ ਵਾਲੇ ਦੋ ਵਿਦਿਆਰਥੀਆਂ ਅੰਮਿ੍ਤਪਾਲ ਸਿੰਘ ਅਤੇ ਕੁਮਾਰੀ ਫਾਇਓ ਥੀਰੀ ਔਓਾਗ ਨੇ ਬੀਤੇ ਦਿਨੀਂ ਲਾਈਵ ਸਾਇੰਸ ਬਾਰੇ ਚੌਥੀ ਕੁਵੈਤ ਕੌਮਾਂਤਰੀ ਕਾਨਫਰੰਸ ਵਿਚ ਭਾਗ ਲਿਆ | ਇਹ ਕਾਨਫਰੰਸ ਸਬਾਹ-ਅਲ-ਸਲੇਮ ਯੂਨੀਵਰਸਿਟੀ ਕੁਵੈਤ ਵਿਖੇ ਹੋਈ | ਦੋਵਾਂ ਵਿਦਿਆਰਥੀਆਂ ਨੇ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਤਕਨਾਲੋਜੀਆਂ ਬਾਰੇ ਜ਼ੁਬਾਨੀ ਆਪਣੇ ਪੇਪਰ ਪੇਸ਼ ਕੀਤੇ | ਅੰਮਿ੍ਤਪਾਲ ਸਿੰਘ ਨੇ ਪੰਜਾਬ ਲਾਲੀਮਾ ਕਿਸਮ ਦੀ ਭਿੰਡੀ ਦੇ ਪੋਸ਼ਕ ਗੁਣਾਂ ਬਾਰੇ ਅਤੇ ਕੁਮਾਰੀ ਫਾਇਓ ਨੇ ਲਾਲ ਅਤੇ ਸਫੇਦ ਡਰੈਗਨ ਫਰੂਟ ਦੇ ਛਿੱਲਾਂ ਦੇ ਪਾਊਡਰ ਦੀ ਵਰਤੋਂ ਬਾਰੇ ਪੇਸ਼ਕਾਰੀਆਂ ਦਿੱਤੀਆਂ | ਇਹਨਾਂ ਦੋਵਾਂ ਵਿਦਿਆਰਥੀਆਂ ਦੇ ਨਿਗਰਾਨ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਪੂਨਮ ਅਗਰਵਾਲ ਹਨ | ਕੌਮਾਂਤਰੀ ਕਾਨਫਰੰਸ ਵਿਚ ਭਾਗ ਲੈ ਰਹੇ ਵਿਗਿਆਨੀਆਂ ਅਤੇ ਡੈਲੀਗੇਟਾਂ ਨੇ ਇਸ ਕਾਰਜ ਦੀ ਵਿਸ਼ੇਸ਼ ਤੌਰ 'ਤੇ ਸਲਾਹੁਣਾ ਕੀਤੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐਮ.ਆਈ.ਐਸ. ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |