ਲੁਧਿਆਣਾ, 24 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 26 ਨਵੰਬਰ ਤੋਂ 05 ਦਸੰਬਰ ਤੱਕ ਯੁਵਕ ਮੇਲਾ ਕਰਵਾ ਰਹੀ ਹੈ | ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ | ਪਹਿਲਾ ਪੜਾਅ 26 ਨਵੰਬਰ ਤੋਂ 29 ਨਵੰਬਰ ਤੱਕ ਅਤੇ ਦੂਸਰਾ ਪੜਾਅ 03 ਦਸੰਬਰ ਤੋਂ 05 ਦਸੰਬਰ ਤੱਕ ਹੋਵੇਗਾ | ਇਹ ਜਾਣਕਾਰੀ ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਸਾਂਝੀ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸ਼ਾਹ ਅਤੇ ਚਾਅ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ ਅਤੇ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿਚ ਇਨਾਮ ਹਾਸਿਲ ਕੀਤੇ ਹਨ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਨਵਾਂਪਣ ਲਿਆਉਣ ਦਾ ਇਕ ਵਧੀਆ ਮੰਚ ਬਣਦਾ ਹੈ | ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੇਲੇ ਦੇ ਸਾਰੇ ਕਾਰਜਾਂ ਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ | 26 ਨਵੰਬਰ ਨੰੂ ਫ਼ੋਟੋਗਰਾਫੀ, ਕਵਿਜ਼, ਸ਼ਬਦ ਗਾਇਣ, ਕਾਰਟੂਨ ਬਣਾਉਣਾ ਅਤੇ ਪੋਸਟਰ ਬਣਾਉਣਾ, 27 ਨਵੰਬਰ ਨੂੰ ਮੌਕੇ 'ਤੇ ਚਿੱਤਰਕਾਰੀ, ਕਲੇ ਮਾਡਲਿੰਗ, ਕੋਲਾਜ ਮੇਕਿੰਗ, 28 ਨਵੰਬਰ ਨੂੰ ਰੰਗੋਲੀ, ਅਤੇ ਇੰਸਟਾਲੇਸ਼ਨ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ ਅਤੇ 29 ਨਵੰਬਰ ਨੂੰ ਰਚਨਾਤਮਿਕ ਲੇਖਣੀ, ਮੌਕੇ 'ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਲੰਮੀ ਗੁੱਤ, ਕਵੀਸ਼ਰੀ, ਪੱਗ ਬੰਨ੍ਹਣਾ, ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਜਾਣਗੇ |