ਲੁਧਿਆਣਾ, 5 ਦਸੰਬਰ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ 7 ਦਸੰਬਰ 2025 ਨੂੰ ਪੀ.ਸੀ.ਐਸ (ਪਬਲਿਕ ਸਰਵਿਸਿਜ਼ ਕਮਿਸ਼ਨ) ਦਾ ਪੇਪਰ ਲੈਣ ਦਾ ਫੈਸਲਾ ਕੀਤਾ ਹੈ ਅਤੇ ਪਹਿਲਾਂ ਇਹ ਪੇਪਰ ਅਕਤੂਬਰ ਮਹੀਨੇ ਹੋਣਾ ਸੀ, ਪ੍ਰੰਤੂ ਸਰਕਾਰ ਨੇ ਇਸ ਦੀ ਤਾਰੀਕ ਬਦਲ ਕੇ 7 ਦਸੰਬਰ ਰੱਖੀ ਦਿੱਤੀ | ਇਸ ਨਾਲ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਚਿੰਤਾ ਵੀ ਹੈ ਕਿਉਂਕਿ ਇਨਾਂ ਤਰੀਕਾਂ ਵਿਚ ਬੀ.ਏ, ਐਮ.ਏ ਅਤੇ ਹੋਰ ਕੋਰਸਾਂ ਦੇ ਵੀ ਪੇਪਰ ਚੱਲ ਰਹੇ ਹਨ, ਤਾਂ ਬੱਚੇ ਕਿਸ ਪੇਪਰ ਵੱਲ ਧਿਆਨ ਦੇਣ, ਭਾਵੇਂ ਇਹ ਪੇਪਰ ਐਤਵਾਰ ਨੂੰ ਰੱਖਿਆ ਗਿਆ ਹੈ, ਪ੍ਰੰਤੂ ਫਿਰ ਵੀ ਪੇਪਰ ਦੀ ਤਿਆਰੀ ਤਾਂ ਕਰਨੀ ਹੀ ਪੈਂਦੀ ਹੈ | ਕੁਝ ਵਿਦਿਆਰਥੀ ਹੋਰ ਰਾਜਾਂ ਵਿਚ ਪੜ੍ਹਦੇ ਹਨ | ਉਨਾਂ ਲਈ ਤਾਂ ਇਹ ਹੋਰ ਮੁਸ਼ਕਿਲ ਹੈ ਕਿਉਂਕਿ ਇਹ ਪੇਪਰ 5 ਵਜੇ ਖਤਮ ਹੋਵੇਗਾ ਤੇ ਦੂਜੇ ਦਿਨ ਵਿਦਿਆਰਥੀਆਂ ਦਾ ਬੀ.ਏ ਅਤੇ ਐਮ.ਏ ਦਾ ਪੇਪਰ ਹੋਵੇਗਾ, ਜਿਥੇ ਉਨਾਂ ਦਾ ਪਹੁੰਚਣਾ ਮੁਸ਼ਕਿਲ ਹੋਵੇਗਾ | ਇਸ ਸਬੰਧੀ ਹਰਪ੍ਰੀਤ ਸਿੰਘ ਚਾਪੜਾ ਨੇ ਦੱਸਿਆ ਕਿ ਉਨਾਂ ਦੇ ਬੇਟੇ ਦਾ ਸੋਮਵਾਰ ਨੂੰ 8.30 ਵਜੇ ਐਮ.ਏ ਦਾ ਪੇਪਰ ਹੈ ਜੋ ਕਿ ਉਹ ਦਿੱਲੀ ਵਿਚ ਪੜ੍ਹਾਈ ਕਰ ਰਿਹਾ | ਇਸ ਤਰਾਂ ਰਾਤ ਨੂੰ ਦਿੱਲੀ ਜਾਣਾ ਕਿੰਨਾ ਮੁਸ਼ਕਿਲ ਹੋਵੇਗਾ | ਇਸੇ ਤਰਾਂ ਹੋਰ ਵੀ ਵਿਦਿਆਰਥੀ ਹੋਣਗੇ, ਜਿਨਾਂ ਨੂੰ ਇਹ ਸਮੱਸਿਆ ਆਵੇਗੀ | ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੇਪਰ ਦੀ ਤਰੀਕ ਅੱਗੇ ਕੀਤੀ ਜਾਵੇ |