ਸੈਕਰਾਮੈਂਟੋ, 5 ਦਸੰਬਰ (ਹੁਸਨ ਲੜੋਆ ਬੰਗਾ)-ਉਰੇਗੋਨ 'ਚ ਵਾਪਰੇ ਸੜਕ ਹਾਦਸੇ 'ਚ ਇਕ ਨਵ-ਵਿਆਹੇ ਜੋੜੇ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਿਸ ਉਪਰੰਤ ਫਰਿਜਨੋ ਵਾਸੀ ਸੈਮੀ ਟਰੱਕ ਦੇ ਡਰਾਈਵਰ ਰਜਿੰਦਰ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਜਾਣਕਾਰੀ ਯੂ.ਐਸ. ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ (ਡੀ. ਐਚ. ਐਸ.) ਤੇ ਓਰੇਗੋਨ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ 'ਚ ਦਿੱਤੀ ਹੈ | ਪੁਲਿਸ ਅਨੁਸਾਰ ਸੈਮੀ ਟਰੱਕ ਇਕ ਕਾਰ ਨਾਲ ਜਾ ਟਕਰਾਇਆ ਜਿਸ 'ਚ ਸਵਾਰ 25 ਸਾਲਾ ਵਿਲੀਅਮ ਮੀਕਾਹ ਕਾਰਟਰ ਤੇ 24 ਸਾਲਾ ਜੈਨੀਫਰ ਲਿਨ ਲੋਅਰ ਦੀ ਮੌਤ ਹੋ ਗਈ | ਇਹ ਦੋਨੋਂ ਮੌਕੇ ਉਪਰ ਹੀ ਦਮ ਤੋੜ ਗਏ | ਇਨ੍ਹਾਂ ਦਾ ਹਾਲ ਹੀ ਵਿਚ ਵਿਆਹ ਹੋਇਆ ਸੀ | ਜਾਂਚਕਾਰਾਂ ਅਨੁਸਾਰ ਇਹ ਹਾਦਸਾ ਹਨੇਰੇ ਕਾਰਨ ਐਮਰਜੈਂਸੀ ਚਿਤਾਵਨੀ ਯੰਤਰ ਦੀ ਅਣਹੋਂਦ ਕਾਰਨ ਵਾਪਰਿਆ | ਕੁਮਾਰ ਵਿਰੁੱਧ ਅਪਰਾਧਿਕ ਲਾਪਰਵਾਹੀ ਸਮੇਤ ਹੱਤਿਆਵਾਂ ਦੇ ਦੋਸ਼ ਲਾਏ ਗਏ ਹਨ | ਉਸ ਨੂੰ ਡੇਸ਼ੂਟਸ ਕਾਊਾਟੀ ਜੇਲ੍ਹ 'ਚ ਰਖਿਆ ਗਿਆ ਹੈ | ਡੀ.ਐਚ.ਐਸ. ਨੇ ਕਿਹਾ ਹੈ ਕਿ ਕੁਮਾਰ ਗ਼ੈਰ-ਕਾਨੂੰਨੀ ਢੰਗ ਤਰੀਕੇ ਨਾਲ 28 ਨਵੰਬਰ 2022 ਨੂੰ ਲਿਊਕਵਿਲੇ, ਐਰੀਜ਼ੋਨਾ ਰਾਹੀਂ ਅਮਰੀਕਾ 'ਚ ਦਾਖਲ ਹੋਇਆ ਸੀ | ਬਾਅਦ 'ਚ ਕੈਲੀਫੋਰਨੀਆ 'ਚ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਗਿਆ ਸੀ | 2023 ਵਿਚ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ | ਡੀ.ਐਚ.ਐਸ. ਅਨੁਸਾਰ ਰਿਹਾਈ ਉਪਰੰਤ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦੇਣ ਦੀ ਸੰਭਾਵਨਾ ਹੈ |