ਲੁਧਿਆਣਾ, 6 ਦਸੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਵਿਖੇ ਨੈਸ਼ਨਲ ਅੰਡਰ ਗੈ੍ਰਜੂਏਟ ਮੈਡੀਕਲ ਕਾਨਫ਼ਰੰਸ ਨਮਕੋਨ-2025 ਕਰਵਾਈ ਗਈ | ਕਾਨਫ਼ਰੰਸ ''ਸਟੈਥੋਸਕੋਪ ਤੋਂ ਸਿਮੂਲੇਸ਼ਨ ਤੱਕ'' ਥੀਮ 'ਤੇ ਆਧਾਰਿਤ ਸੀ, ਜੋ ਮੈਡੀਕਲ ਸਿੱਖਿਆ ਦੇ ਬਦਲਦੇ ਦੌਰ ਨੂੰ ਦਰਸਾਉਂਦੀ ਹੈ ਅਤੇ ਨਵੀਆਂ ਸਿਖਲਾਈ ਤਕਨੀਕਾਂ, ਸਿਮੂਲੇਸ਼ਨ-ਆਧਾਰਿਤ ਸਿਖਲਾਈ ਅਤੇ ਉੱਚ ਪੱਧਰੀ ਕਲੀਨੀਕਲ ਸਕਿਲ ਸਿਖਲਾਈ ਨੂੰ ਉਜਾਗਰ ਕਰਦੀ ਹੈ | ਕਾਨਫਰੰਸ ਦਾ ਉਦਘਾਟਨ ਬਿਪਿਨ ਗੁਪਤਾ, ਸਕੱਤਰ ਹਸਪਤਾਲ ਮੈਨੇਜਿੰਗ ਸੁਸਾਇਟੀ ਨੇ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੇ. ਚੌਧਰੀ, ਡਾ. ਸੰਦੀਪ ਸ਼ਰਮਾ, ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਅਸ਼ੀਮਾ ਤਨੇਜਾ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਕਾਨਫਰੰਸ ਵਿਚ ਵਰਕਸ਼ਾਪਾਂ ਨੇ ਓਬਸਟੈਟਰਿਕ ਗਾਇਨੀਕੋਲੋਜੀ, ਆਰਥੋਪੈਡਿਕਸ, ਕਿ੍ਟੀਕਲ ਕੇਅਰ ਮੈਡੀਸਨ, ਨਿਊਰੋਲੋਜੀ, ਓਪਥਾਲਮੋਲੋਜੀ, ਰਿਸਰਚ ਮੈਥਡੋਲੋਜੀ ਅਤੇ ਬੇਸਿਕ ਕਲੀਨੀਕਲ ਸਕਿਲਜ਼ ਵਿਚ ਪ੍ਰਯੋਗਾਤਮਿਕ ਅਤੇ ਅਕਾਦਮਿਕ ਗਿਆਨ ਪ੍ਰਦਾਨ ਕੀਤਾ | ਆਪਣੇ ਸੰਦੇਸ਼ ਵਿਚ ਬਿਪਿਨ ਗੁਪਤਾ ਨੇ ਪ੍ਰਬੰਧਕ ਕਮੇਟੀ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਨਮਕੋਨ ਦੇ 7ਵੇਂ ਐਡੀਸ਼ਨ ਦੀ ਮੇਜ਼ਬਾਨੀ 'ਤੇ ਮਾਣ ਜਤਾਇਆ | ਡਾ. ਸੰਦੀਪ ਕੌਸ਼ਲ ਨੇ ਕਿਹਾ ਕਿ ਨਮਕੋਨ ਵਿਦਿਆਰਥੀਆਂ ਨੂੰ ਸਿੱਖਣ, ਸਹਿਯੋਗ ਕਰਨ ਅਤੇ ਆਪਣੀਆਂ ਮੈਡੀਕਲ ਯੋਗਤਾਵਾਂ ਨੂੰ ਨਿਖਾਰਨ ਦਾ ਸ਼ਾਨਦਾਰ ਮੰਚ ਪ੍ਰਦਾਨ ਕਰਦਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ, ਵਰਕਸ਼ਾਪਾਂ ਅਤੇ ਹੋਰ ਸਮਾਗਮਾਂ ਵਿਚ ਇਨਾਮ ਜਿੱਤੇ | ਏ.ਆਈ. ਇਨ ਮੈਡੀਕਲ ਸਾਇੰਸਜ਼ 'ਤੇ ਇਕ ਪੈਨਲ ਚਰਚਾ ਐਮ.ਬੀ.ਬੀ.ਐਸ. ਬੈਚ-2024 ਵਲੋਂ ਕਰਵਾਈ ਗਈ | ਪੈਨਲਿਸਟਾਂ ਵਿਚ ਡਾ. ਸੰਦੀਪ ਕੌਸ਼ਲ, ਡਾ. ਅਸ਼ੀਮਾ ਤਨੇਜਾ, ਡਾ. ਗੌਤਮ ਆਹਲੂਵਾਲੀਆ, ਡਾ. ਅਸ਼ਵਿੰਦ ਬਾਵਾ, ਡਾ. ਕਰਮਬੀਰ ਸਿੰਘ ਗਿੱਲ ਅਤੇ ਡਾ. ਸਾਹਿਲ ਮੈਂਗੀ ਸ਼ਾਮਿਲ ਸਨ |