ਲੁਧਿਆਣਾ, 18 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਅਤੇ ਪੀ.ਏ.ਯੂ. ਫੋਰਥ ਕਲਾਸ ਵਰਕਰ ਯੂਨੀਅਨ ਵਲੋਂ ਕਰਵਾਈਆਂ ਜਾ ਰਹੀਆਂ ਪੀ.ਏ.ਯੂ. ਮੁਲਾਜ਼ਮ ਖੇਡਾਂ ਦੇ ਚੌਥੇ ਦਿਨ ਜਗਵਿੰਦਰ 11 ਅਤੇ ਗਗਨ 11 ਦੇ ਵਿਚਕਾਰ ਹਾਕੀ ਦਾ ਮੈਚ ਖੇਡਿਆ ਗਿਆ, ਜਿਸ ਵਿਚ ਜਗਵਿੰਦਰ 11 ਦੀ ਟੀਮ ਇਹ ਮੈਚ 1-0 ਨਾਲ ਜਿੱਤ ਕੇ ਪਹਿਲੇ ਨੰਬਰ 'ਤੇ ਆਈ | ਕਿ੍ਕਟ ਦਾ ਫਾਈਨਲ ਮੁਕਾਬਲਾ ਰੁਪਿੰਦਰ 11 ਅਤੇ ਸਿਮਰ ਪੰਧੇਰ 11 ਦੀ ਟੀਮਾਂ ਵਿਚ ਹੋਇਆ | ਸਿਮਰ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 9 ਵਿਕਟਾਂ ਗਵਾ ਕੇ 133 ਰਨ ਬਣਾਏ, ਜਿਸ ਦੇ ਜਵਾਬ ਵਿਚ ਰੁਪਿੰਦਰ ਦੀ ਟੀਮ ਨੇ ਵੀ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 133 ਰਨ ਬਣਾਏ ਅਤੇ ਇਹ ਮੈਚ ਡਰਾਅ ਹੋ ਗਿਆ | ਮੈਨ ਆਫ਼ ਦੀ ਮੈਚ ਜਤਿੰਦਰ ਨੂੰ ਦਿੱਤਾ ਗਿਆ | ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਅੱਜ ਖੇਡਾਂ ਦੇ ਆਖਰੀ ਦਿਨ ਅਥਲੈਟਿਕ ਮੀਟ ਕਰਵਾਈ ਜਾਵੇਗੀ, ਜਿਸ ਵਿਚ ਇਸਤਰੀਆਂ ਅਤੇ ਪੁਰਸ਼ਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਅਥਲੈਟਿਕ ਮੀਟ ਉਪਰੰਤ ਸਮੂਹ ਖੇਡ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਹੋਵੇਗਾ |