ਲੁਧਿਆਣਾ, 18 ਦਸੰਬਰ (ਡਾ. ਤਰਲੋਚਨ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (ਚੈ:) ਹਸਪਤਾਲ ਪ੍ਰਬੰਧਕ ਕਮੇਟੀ ਵਲੋਂ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਜੀ.ਟੀ.ਬੀ.ਸੀ.ਐਚ, ਸ਼ਾਸਤਰੀ ਨਗਰ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਹਸਪਤਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਖਸ਼ੀ ਨੇ ਮਨੁੱਖੀ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜਿ: ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸਾਥੀਆਂ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 852 ਖੂਨਦਾਨ ਕੈਂਪ ਲਾ ਕੇ ਲੋੜਵੰਦ ਮਰੀਜ਼ਾਂ ਨੂੰ ਪੰਜਾਬ ਵਿਚ ਖੂਨ ਨਿਸ਼ਕਾਮ ਭਾਵਨਾ ਨਾਲ ਲੈ ਕੇ ਦਿੱਤਾ ਜਾ ਰਿਹਾ ਹੈ | ਇਸ ਮੌਕੇ ਕੈਬਨਿਟ ਮੰਤਰੀ ਅਰੋੜਾ ਨੇ ਜਥੇਦਾਰ ਨਿਮਾਣਾ ਤੇ ਸਾਥੀਆਂ ਵਲੋਂ ਨਿਭਾਈਆਂ ਗਈਆਂ ਮਨੁੱਖੀ ਨਿਸ਼ਕਾਮ ਸੇਵਾਵਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਹ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਹਨ | ਇਸ ਮੌਕੇ ਕੈਬਨਿਟ ਮੰਤਰੀ ਅਰੋੜਾ, ਵਿਧਾਇਕ ਸਿੱਧੂ, ਪ੍ਰਧਾਨ ਅਮਰਦੀਪ ਸਿੰਘ ਬਖ਼ਸ਼ੀ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਮਨੁੱਖੀ ਸੇਵਾ ਕਾਰਜਾਂ ਲਈ Uਮਨੁੱਖੀ ਸੇਵਾ ਐਵਾਰਡU ਨਾਲ ਸਨਮਾਨਿਤ ਕੀਤਾ | ਇਸ ਮੌਕੇ ਭਾਈ ਹਰਪਾਲ ਸਿੰਘ ਨਿਮਾਣਾ, ਤਜਿੰਦਰ ਪਾਲ ਸਿੰਘ ਸ਼ੰਟੀ ਸਰਗੋਧਾ, ਮਨਿੰਦਰ ਸਿੰਘ ਅਹੂਜਾ,ਇੰਦਰਪਾਲ ਸਿੰਘ ਬਿੰਦਰਾ, ਪ੍ਰੋ. ਗੁਰਮੀਤ ਸਿੰਘ, ਜਸਜੋਤ ਸਿੰਘ ਰੋਬੀ ਬੱਤਰਾ, ਜਸਵਿੰਦਰ ਸਿੰਘ ਰਾਜਾ, ਬਲਦੇਵ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ |