ਐੱਸ. ਏ. ਐੱਸ. ਨਗਰ, 31 ਮਈ (ਤਰਵਿੰਦਰ ਸਿੰਘ ਬੈਨੀਪਾਲ)-ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ. ਆਈ. ਐਮ. ਐਸ.) ਮੁਹਾਲੀ ਨੇ ਕੈਂਪਸ ਪੱਧਰੀ ਰੈਲੀ ਕਰਕੇ ਤੇ ਨਿਰੰਤਰ ਤੰਬਾਕੂ ਵਿਰੋਧੀ ਯਤਨਾਂ ਦੀ ਵਚਨਬੱਧਤਾ ਦੇ ਐਲਾਨ ਦੇ ਨਾਲ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਦੀ ਓ. ਪੀ. ਡੀ. ਤੋਂ ਐਮ. ਬੀ. ਬੀ. ਐਸ. ਦੇ ਵਿਦਿਆਰਥੀਆਂ, ਨਰਸਿੰਗ ਵਿਦਿਆਰਥੀਆਂ ਤੇ ਸੁਰੱਖਿਆ ਸਟਾਫ਼ ਦੀ ਅਗਵਾਈ 'ਚ ਕੱਢੀ ਗਈ ਰੈਲੀ ਨਾਲ ਹੋਈ | ਰੈਲੀ ਦੌਰਾਨ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪੋਸਟਰ ਪ੍ਰਦਰਸ਼ਿਤ ਕੀਤੇ, ਪ੍ਰਚਾਰ ਸਮੱਗਰੀ ਵੰਡੀ ਤੇ ਤੰਬਾਕੂ ਰਹਿਤ ਭਵਿੱਖ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਲਿਖਤੀ ਰੂਪ 'ਚ ਤੰਬਾਕੂ ਵਿਰੋਧੀ ਸਹੁੰ ਵੀ ਚੁੱਕੀ | ਇਸ ਮੌਕੇ ਸੰਸਥਾ ਦੀ ਡਾਇਰੈਕਟਰ ਪਿ੍ੰ. ਡਾ. ਭਵਨੀਤ ਭਾਰਤੀ ਨੇ 'ਨੋ ਤੰਬਾਕੂ ਵਾਲ' ਦਾ ਉਦਘਾਟਨ ਕੀਤਾ ਅਤੇ ਸੰਸਥਾ ਦੇ ਆਲੇ-ਦੁਆਲੇ 100 ਗਜ਼ ਦੇ ਘੇਰੇ ਨੂੰ ਤੰਬਾਕੂ ਰਹਿਤ ਜ਼ੋਨ ਐਲਾਨਿਆ | ਇਸ ਮੌਕੇ ਸਰਕਾਰੀ ਨਿਯਮਾਂ ਦੇ ਅਨੁਸਾਰ ਇੰਜੀਨੀਅਰਿੰਗ ਵਿਭਾਗਾਂ ਦੀ ਮਦਦ ਨਾਲ ਤੰਬਾਕੂ ਦੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਵਾਲੇ ਖੇਤਰ ਨੂੰ ਦਰਸਾਉਣ ਲਈ ਲਾਲ ਲਾਈਨਾਂ ਨੂੰ ਸਪੱਸ਼ਟ ਕਰਦੇ ਨਿਸ਼ਾਨ ਵੀ ਲਗਾਏ ਗਏ | ਇਸੇ ਦੌਰਾਨ ਕਮਿਊਨਿਟੀ ਮੈਡੀਸਨ ਵਿਭਾਗ ਤੋਂ ਡਾ. ਅਨੁਰਾਧਾ ਨੱਢਾ ਨੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀ ਤੰਬਾਕੂ ਮਾਨੀਟਰਾਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ | ਇਸ ਤੋਂ ਬਾਅਦ ਏ. ਆਈ. ਐਮ. ਐਸ. 2 ਸਾਲਾ ਤੰਬਾਕੂ ਕੰਟਰੋਲ ਗਤੀਵਿਧੀਆਂ ਕਰੇਗਾ ਤੇ ਸਿਫ਼ਾਰਸ਼ ਕੀਤੇ ਨਿਯਮਾਂ ਅਨੁਸਾਰ ਵਿੱਦਿਅਕ ਸੰਸਥਾਵਾਂ ਲਈ ਸਵੈ-ਮੁਲਾਂਕਣ ਸਕੋਰ ਕਾਰਡ ਨੂੰ ਪੂਰਾ ਕਰੇਗਾ ਤਾਂ ਜੋ ਤੰਬਾਕੂ-ਮੁਕਤ ਵਾਤਾਵਰਨ ਨੂੰ ਕਾਇਮ ਰੱਖਣ ਲਈ ਨਿਰੰਤਰ ਨਿਗਰਾਨੀ ਕੀਤੀ ਜਾ ਸਕੇ | ਪ੍ਰੋਗਰਾਮ 'ਚ ਡਾ. ਨਵਦੀਪ ਸਿੰਘ ਸੈਣੀ (ਮੈਡੀਕਲ ਸੁਪਰਡੈਂਟ), ਡਾ. ਪਰਮਿੰਦਰ ਸਿੰਘ (ਐਸ. ਐਮ. ਓ. ਜ਼ਿਲ੍ਹਾ ਹਸਪਤਾਲ), ਡਾ. ਅਮਿਤ ਅਗਰਵਾਲ, ਡਾ. ਅੰਮਿ੍ਤ ਵਿਰਕ, ਡਾ. ਅਨੁਰਾਧਾ ਨੱਡਾ, ਡਾ. ਏਕ ਰਾਮ ਗੋਇਲ ਤੇ ਡਾ. ਹਰਮਾਲਾ ਆਦਿ ਵਲੋਂ ਵੀ ਸਰਗਰਮੀ ਨਾਲ ਹਿੱਸਾ ਲਿਆ ਗਿਆ |