ਐੱਸ. ਏ. ਐੱਸ. ਨਗਰ, 31 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਿਖੇ 'ਸੰਵਿਧਾਨ ਬਚਾਓ ਰੈਲੀ' ਹੋਈ, ਜਿਸ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ, ਇੰਦਰਬੀਰ ਸਿੰਘ ਬੁਲਾਰੀਆ, ਡੇਰਾਬੱਸੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਹੋਰ ਕਈ ਆਗੂਆਂ ਨੇ ਹਿੱਸਾ ਲਿਆ | ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ, ਆਮ ਆਦਮੀ ਪਾਰਟੀ ਤੇ ਆਰ. ਐੱਸ. ਐੱਸ. ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਦੇਸ਼ 'ਚ ਲਗਾਤਾਰ ਹੋ ਰਹੀ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਦੇ ਖ਼ਿਲਾਫ਼ ਕਾਂਗਰਸ ਪਾਰਟੀ ਹਰ ਮੰਚ 'ਤੇ ਆਪਣੀ ਆਵਾਜ਼ ਉਠਾ ਰਹੀ ਹੈ | ਉਨ੍ਹਾਂ ਸਾਬਕਾ ਮੰਤਰੀ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਬਲਬੀਰ ਸਿੰਘ ਕਿਸੇ ਨਾਰਾਜ਼ਗੀ ਕਾਰਨ ਪਾਰਟੀ ਛੱਡ ਕੇ ਚਲੇ ਗਏ ਸਨ ਤਾਂ ਉਨ੍ਹਾਂ ਮੁਹਾਲੀ ਵਾਸਤੇ ਉਨ੍ਹਾਂ ਵਰਗਾ ਆਗੂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਿਆ | ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਕਿਹਾ ਕਿ ਭਾਜਪਾ ਤੇ ਆਰ. ਐੱਸ. ਐੱਸ. ਦੀ ਜੋੜੀ ਦੇਸ਼ ਨੂੰ ਧਰਮਾਂ ਦੇ ਨਾਂਅ 'ਤੇ ਵੰਡਣ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਲੋਕ ਨਾ ਸਿਰਫ਼ ਸੰਵਿਧਾਨ ਦੀਆਂ ਧਾਰਾਵਾਂ ਨੂੰ ਕੁਰਬਾਨ ਕਰ ਰਹੇ ਹਨ, ਸਗੋਂ ਲੋਕਾਂ ਦੀ ਆਜ਼ਾਦੀ, ਰੁਜ਼ਗਾਰ ਤੇ ਹੱਕ ਵੀ ਖੋਹ ਰਹੇ ਹਨ | ਇਸ ਮੌਕੇ ਰਾਣਾ ਕੇ. ਪੀ. ਸਿੰਘ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 'ਆਪ' ਵੀ ਹੁਣ ਭਾਜਪਾ ਦੀ ਬੀ ਟੀਮ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਨ੍ਹਾਂ ਦੀ ਚੁੱਪੀ ਤੇ ਭਾਜਪਾ ਨਾਲ ਮਿਲੀਭੁਗਤ ਹੁਣ ਸਾਡੇ ਦੇਸ਼ ਅਤੇ ਸੰਵਿਧਾਨ ਲਈ ਖ਼ਤਰਾ ਬਣ ਚੁੱਕੀ ਹੈ | ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਦੇਸ਼ ਦੀ ਰੂਹ ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਤੇ ਸਾਡਾ ਭਾਈਚਾਰਾ ਹੈ, ਜੋ ਕਿ ਅੱਜ ਖ਼ਤਰੇ 'ਚ ਹੈ, ਪਰ ਕਾਂਗਰਸ ਇਕੋ-ਇਕ ਰਾਸ਼ਟਰੀ ਤਾਕਤ ਵਜੋਂ ਇਸ ਦੀ ਰਾਖੀ ਦੀ ਲੜਾਈ ਲੜ ਰਹੀ ਹੈ | ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੇ ਨਾ ਸਿਰਫ਼ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ, ਸਗੋਂ ਅੱਜ ਵੀ ਸਾਡੀ ਪਾਰਟੀ ਜਨਤਾ ਦੀ ਆਵਾਜ਼ ਬਣੀ ਹੋਈ ਹੈ | ਸਿੱਧੂ ਨੇ ਭਾਵੁਕ ਲਹਿਜ਼ੇ 'ਚ ਆਉਣ ਵਾਲੀਆਂ ਚੋਣਾਂ ਨੂੰ ਇਕ ਆਮ ਚੋਣ ਨਹੀਂ, ਸਗੋਂ 'ਇਕ ਸੰਵਿਧਾਨਕ ਜੰਗ' ਦੱਸਿਆ | ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਸਾਡੀ ਲੜਾਈ ਅੱਜ ਵੀ ਜਾਰੀ ਹੈ | ਅੰਤ 'ਚ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਮੂਹ ਮੁਹਾਲੀ ਵਾਸੀਆਂ, ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੌਂਸਲਰਾਂ, ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਇਸ ਰੈਲੀ 'ਚ ਵੱਡ ਪੱਧਰ 'ਤੇ ਸ਼ਮੂਲੀਅਤ ਕਰਕੇ ਇਸ ਨੂੰ ਸਫ਼ਲ ਬਣਾਇਆ |