ਐੱਸ. ਏ. ਐੱਸ. ਨਗਰ, 31 ਮਈ (ਪ੍ਰੋ. ਅਵਤਾਰ ਸਿੰਘ)-ਰਾਸ਼ਟਰੀ ਏਕਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਝੰਜੇੜੀ ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਆਪਣੇ ਸਾਰੇ ਅਕਾਦਮਿਕ ਸਹਿਯੋਗਾਂ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ | ਇਹ ਫ਼ੈਸਲਾ ਦੋਵਾਂ ਦੇਸ਼ਾਂ ਵਲੋਂ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਨੂੰ ਦਿੱਤੇ ਗਏ ਜਨਤਕ ਸਮਰਥਨ ਤੋਂ ਬਾਅਦ ਲਿਆ ਗਿਆ ਹੈ | ਸੀ. ਜੀ. ਸੀ. ਝੰਜੇੜੀ ਦੀ ਮੈਨੇਜਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਇਹ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਸ਼ਟਰ ਦੇ ਨਾਲ ਖੜ੍ਹੀਆਂ ਹੋਣ ਖ਼ਾਸ ਕਰਕੇ ਭੂ-ਰਾਜਨੀਤਿਕ ਤਣਾਅ ਦੇ ਸਮੇਂ ਵਿਚ ਦੇਸ਼ ਦੇ ਹਰ ਨਾਗਰਿਕ ਨੂੰ ਖੜ੍ਹਨਾ ਜ਼ਰੂਰੀ ਹੋ ਜਾਂਦਾ ਹੈ | ਇਸ ਫ਼ੈਸਲੇ 'ਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਸਾਂਝੇ ਖੋਜ ਪ੍ਰਾਜੈਕਟਾਂ ਅਤੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਸਾਰੇ ਅਕਾਦਮਿਕ ਸੰਬੰਧਾਂ ਨੂੰ ਤੁਰੰਤ ਰੋਕਣਾ ਸ਼ਾਮਿਲ ਹੈ | ਸੀ. ਜੀ. ਸੀ. ਝੰਜੇੜੀ ਦੇ ਮੈਨੇਜਮੈਂਟ ਅਨੁਸਾਰ ਜਦੋਂ ਸਾਡੇ ਬਹਾਦਰ ਸਿਪਾਹੀ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ ਤਾਂ ਅਸੀਂ ਇਕ ਅਕਾਦਮਿਕ ਸੰਸਥਾ ਹੋਣ ਦੇ ਨਾਤੇ ਉਦਾਸੀਨ ਜਾਂ ਨਿਰਪੱਖ ਨਹੀਂ ਰਹਿ ਸਕਦੇ | ਇਸੇ ਦੌਰਾਨ ਸੰਸਥਾ ਨੇ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇਸ਼ਾਂ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ ਜੋ ਕਿ ਭਾਰਤ ਦੇ ਕੂਟਨੀਤਕ ਤੇ ਰਣਨੀਤਿਕ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਹਨ | ਮੈਨੇਜਮੈਂਟ ਅਨੁਸਾਰ ਜਿਨ੍ਹਾਂ ਯੂਨੀਵਰਸਿਟੀਆਂ ਨਾਲ ਅਸੀਂ ਸੰਬੰਧ ਤੋੜੇ ਹਨ, ਉਨ੍ਹਾਂ ਨੇ ਖੁੱਲ੍ਹ ਕੇ ਪਾਕਿਸਤਾਨ ਨੂੰ ਸਮਰਥਨ ਦਿੱਤਾ ਹੈ | ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਹਨ, ਜਿਸ 'ਚ ਸਰਹੱਦ ਪਾਰ ਅੱਤਵਾਦੀ ਢਾਂਚੇ ਨੂੰ ਸਫਲਤਾਪੂਰਵਕ ਖ਼ਤਮ ਕਰਨਾ ਵੀ ਸ਼ਾਮਿਲ ਹੈ | ਇਹ ਫ਼ੈਸਲਾ ਦਿ੍ੜ ਕਦਮ ਅਕਾਦਮਿਕ ਉੱਤਮਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਰਾਸ਼ਟਰੀ ਹਿੱਤ, ਦੇਸ਼ ਭਗਤੀ ਅਤੇ ਅਖੰਡਤਾ ਪ੍ਰਤੀ ਸੀ. ਜੀ. ਸੀ. ਝੰਜੇੜੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |