ਖਰੜ, 31 ਮਈ (ਗੁਰਮੁੱਖ ਸਿੰਘ ਮਾਨ)-ਖਰੜ-ਲਾਂਡਰਾਂ ਰੋਡ 'ਤੇ ਸਥਿਤ ਇਕ ਬਿਲਡਰ ਦੇ ਦਫ਼ਤਰ 'ਚ ਦਾਖਲ ਕੇ ਕੁਝ ਵਿਅਕਤੀਆਂ ਵਲੋਂ ਜਿਥੇ ਬਿਲਡਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉਥੇ ਹੀ ਦਫ਼ਤਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ | ਜਾਣਕਾਰੀ ਅਨੁਸਾਰ ਬਿਲਡਰ ਦੇ ਦਫ਼ਤਰ ਤੇ ਕੱਪੜੇ ਦੇ ਸ਼ੋਅਰੂਮ 'ਚ ਕਰੀਬ 30-40 ਵਿਅਕਤੀਆਂ ਵਲੋਂ ਦਾਖ਼ਲ ਹੋ ਕੇ ਉਸ 'ਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਨਾਲ ਹੀ ਉਸ ਦੇ ਦਫ਼ਤਰ ਤੇ ਸ਼ੋਅਰੂਮ 'ਚ ਵੀ ਭੰਨ-ਤੋੜ ਕੀਤੀ ਗਈ | ਇਸ ਸੰਬੰਧੀ ਪੀੜਤ ਬਿਲਡਰ ਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਨ. ਜੇ. ਬਿਲਡਰ ਦੇ ਨਾਂਅ ਹੇਠ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਕਾਰੋਬਾਰ 'ਚ ਉਸ ਦਾ ਇਕ ਪਾਟਨਰ ਵੀ ਸੀ, ਜਿਸ ਤੋਂ ਉਸ ਨੇ ਪੈਸੇ ਲੈਣੇ ਹਨ, ਪਰ ਉਹ ਪੈਸੇ ਨਹੀਂ ਦੇਣਾ ਚਾਹੁੰਦਾ ਸੀ | ਉਸ ਨੇ ਦੋਸ਼ ਲਗਾਇਆ ਗਿਆ ਪੈਸੇ ਮੰਗਣ 'ਤੇ ਅਕਸਰ ਉਕਤ ਵਿਅਕਤੀ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ | ਇਸ ਰੰਜਿਸ਼ ਦੇ ਚਲਦਿਆਂ ਅੱਜ ਉਹ ਆਪਣੇ 30-40 ਸਾਥੀਆਂ ਸਮੇਤ ਉਸ ਦੇ ਦਫ਼ਤਰ 'ਚ ਆਇਆ ਅਤੇ ਸਾਰੇ ਵਿਅਕਤੀਆਂ ਹੱਥਾਂ 'ਚ ਕਿ੍ਪਾਨਾਂ ਸਮੇਤ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ | ਬਿਲਡਰ ਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਵਪ੍ਰੀਤ ਸਿੰਘ ਪਹਿਲਾਂ ਵਿਦੇਸ਼ 'ਚ ਰਹਿੰਦਾ ਸੀ, ਜੋ ਕਿ ਹੁਣ ਕੱਪੜੇ ਦਾ ਸ਼ੋਅਰੂਮ ਚਲਾਉਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ੋਅਰੂਮ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੇਖ ਕੇ ਕਥਿਤ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ | ਹਮਲੇ ਉਪਰੰਤ ਗੰਭੀਰ ਜ਼ਖ਼ਮੀ ਨਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਖਰੜ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਰੈਫ਼ਰ ਕਰ ਦਿੱਤਾ ਗਿਆ | ਪੀੜਤ ਬਿਲਡਰ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਹਮਲੇ ਦੀ ਸੂਚਨਾ ਮਿਲਣ 'ਤੇ ਪੀ. ਸੀ. ਆਰ. ਤੇ ਥਾਣਾ ਸਿਟੀ ਖਰੜ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |