ਐੱਸ. ਏ. ਐੱਸ. ਨਗਰ, 1 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਦਾ ਇਕ ਹੋਰ ਦਾਅਵਾ 31 ਮਈ ਤੱਕ ਨਸ਼ੇ ਖਤਮ ਕਰਨ ਵਾਲਾ ਖੋਖਲਾ ਸਾਬਿਤ ਹੋ ਗਿਆ ਹੈ | ਬੀਬੀ ਅਮਨਜੋਤ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਕੋਨੇ-ਕੋਨੇ 'ਚ ਖੁੱਲ੍ਹੇਆਮ ਨਸ਼ੇ ਵਿਕ ਰਹੇ ਹਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਜਵਾਬ ਦੇਣ ਕੇ ਨਸ਼ੇ ਸੌਦਾਗਰਾਂ ਪਿਛੇ ਕਿਹੜੀ ਤਾਕਤ ਹੈ ਜੋ ਸਰਕਾਰ ਆਪਣੇ ਕੀਤੇ ਦਾਅਵੇ 'ਚ ਫੈਲ ਹੋ ਗਈ | ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੰਜਾਬ 'ਚ ਨਸ਼ਿਆਂ ਵਿਰੁੱਧ ਜੰਗ ਮਾਨ ਸਰਕਾਰ ਦੇ ਕੁਸ਼ਾਸਨ ਕਾਰਨ ਦਿੱਲੀ ਵਾਂਗ ਪੰਜਾਬ 'ਚ 'ਆਪ' ਪਾਰਟੀ ਦੇ ਗੁਆਚੇ ਵੋਟ ਅਧਾਰ ਵਲੋਂ ਲੁਧਿਆਣਾ ਉੱਪ ਚੋਣ ਵਿਚ ਹਾਰ ਤੋਂ ਬਚਣ ਦੀ ਕੋਸ਼ਿਸ਼ ਹੈ | ਇਹ ਇਕ ਬਹੁਤ ਹੀ ਮੰਦਭਾਗਾ ਤੇ ਡਰਾਉਣਾ ਸੱਚ ਹੈ ਕਿਉਂਕਿ ਮੁੱਖ ਮੰਤਰੀ ਹੋਣ ਦੇ ਨਾਤੇ, ਭਗਵੰਤ ਮਾਨ ਆਪਣੀ 5ਵੀਂ ਸਮਾਂ ਸੀਮਾ ਵੀ ਪੂਰੀ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਕਾਗਜ਼ਾਂ 'ਚ ਤੇ ਸਟੇਜਾਂ ਦੇ ਦਾਅਵਿਆਂ ਨਾਲ ਸਰਕਾਰ ਦੀ ਸੰਜੀਦਗੀ ਨਹੀਂ ਮੰਨੀ ਜਾਂਦੀ, ਜਦ ਜਮੀਨੀ ਹਕੀਕਤ ਚ ਲੋਕ ਤ੍ਰਾਹ ਤ੍ਰਾਹ ਕਰ ਰਹੇ ਹੋਣ |