ਚੰਡੀਗੜ੍ਹ, 1 ਜੂਨ (ਸੰਦੀਪ ਕੁਮਾਰ ਮਾਹਨਾ)ਚੰਡੀਗੜ੍ਹ ਵਾਸੀਆਂ ਨੂੰ ਫ਼ਿਟ ਰੱਖਣ ਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਮਕਸਦ ਨਾਲ ਵਿਸ਼ਵ ਸਾਈਕਲ ਦਿਵਸ ਮਨਾਉਣ ਲਈ ਮੌਕੇ ਮੇਹਰ ਚੰਦ ਮਹਾਜਨ ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਐਨ. ਐਸ. ਐਸ. ਯੂਨਿਟਾਂ ਤੇ ਈਕੋ ਕਲੱਬ 'ਪਰਵੇਸ਼' ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ | ਕਾਲਜ ਕੈਂਪਸ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿਖੇ ਸਮਾਪਤ ਹੋਈ | ਇਸ ਦੌਰਾਨ ਵਿਦਿਆਰਥੀਆਂ, ਫ਼ੈਕਲਟੀ ਮੈਂਬਰਾਂ ਤੇ ਵਲੰਟੀਅਰਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਤੇ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ | ਰੈਲੀ ਦੌਰਾਨ ਹਿੱਸਾ ਲੈਣ ਵਾਲਿਆਂ ਨੇ ਅਰਥਪੂਰਨ ਪੋਸਟਰਾਂ ਤੇ ਬੋਲਡ ਨਾਅਰਿਆਂ ਰਾਹੀਂ ਜਿਥੇ ਟਿਕਾਊ ਜੀਵਨ ਸ਼ੈਲੀ ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਫੈਲਾਇਆ ਉਥੇ ਹੀ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਸਾਈਕਲਿੰਗ ਵਰਗੇ ਵਾਤਾਵਰਨ-ਅਨੁਕੂਲ ਆਵਾਜਾਈ ਦੇ ਢੰਗਾਂ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ | ਸਾਈਕਲ ਨੂੰ ਸਿਰਫ਼ ਆਵਾਜਾਈ ਦੇ ਸਾਧਨ ਵਜੋਂ ਹੀ ਨਹੀਂ, ਸਗੋਂ ਇਕ ਕਿਫ਼ਾਇਤੀ, ਸਿਹਤਮੰਦ ਤੇ ਵਾਤਾਵਰਨ ਅਨੁਕੂਲ ਆਵਾਜਾਈ ਦੇ ਸਾਧਨ ਵਜੋਂ ਵੀ ਪੇਸ਼ ਕੀਤਾ | ਕਾਲਜ ਦੀ ਕਾਰਜ਼ਕਾਰੀ ਪਿੰ੍ਰ. ਨੀਨਾ ਸ਼ਰਮਾ ਨੇ ਇਸ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਸਾਈਕਲਿੰਗ ਨੂੰ ਬਦਲਾਅ ਦੇ ਇਕ ਸਾਧਨ ਵਜੋਂ ਦਰਸਾਉਂਦਾ ਹੈ ਜੋ ਸਾਫ਼ ਹਵਾ, ਸਿਹਤਮੰਦ ਭਾਈਚਾਰਿਆਂ ਤੇ ਹਰੇ ਭਰੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀ ਦੇ ਅਨੁਭਵ 'ਚ ਸਥਿਰਤਾ, ਸਰੀਰਕ ਤੰਦਰੁਸਤੀ ਅਤੇ ਨਾਗਰਿਕ ਜ਼ਿੰਮੇਵਾਰੀ ਵਰਗੇ ਮੁੱਲਾਂ ਨੂੰ ਪੈਦਾ ਕਰਦੀ ਹੈ, ਨਾਲ ਹੀ ਉਨ੍ਹਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਰਾਹੀਂ ਵਾਤਾਵਰਨ ਸੰਬੰਧੀ ਪਹਿਲਕਦਮੀਆਂ ਦੀ ਅਗਵਾਈ ਕਰਨ 'ਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕੀਤਾ ਜੋ ਇਕ ਸਾਰਥਕ ਪ੍ਰਭਾਵ ਪੈਦਾ ਕਰਦੀਆਂ ਹਨ |