ਮੁੱਲਾਂਪੁਰ ਗਰੀਬਦਾਸ, 1 ਜੂਨ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਦੇ ਸਮਾਜਸੇਵੀ ਬੈਨੀਪਾਲ ਗਰੁੱਪ ਨਿਊ ਚੰਡੀਗੜ੍ਹ ਦੇ ਸਰਪ੍ਰਸਤ, ਨੌਜਵਾਨ ਆਗੂ ਤੇ ਖੇਡ ਪ੍ਰਮੋਟਰ ਦਲਵਿੰਦਰ ਸਿੰਘ ਬੈਨੀਪਾਲ ਵਲੋਂ ਇਲਾਕੇ ਦੇ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡਣ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ 'ਚ ਸਪੋਰਟਸ ਕਲੱਬ ਜਾਂ ਅਕੈਡਮੀਆਂ ਸਥਾਪਤ ਕੀਤੀਆਂ ਹੋਈਆਂ ਹਨ, ਉਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਪਿੰਡਾਂ ਦੇ ਨੌਜਵਾਨ ਖੇਡਾਂ ਨਾਲ ਜੁੜੇ ਹਨ, ਉਨ੍ਹਾਂ ਨੂੰ ਕਿਸੇ ਵੀ ਖੇਡ ਲਈ ਕੋਈ ਵੀ ਲੋੜੀਂਦੀ ਖੇਡ ਸਮੱਗਰੀ ਚਾਹੀਦੀ ਹੈ ਤਾਂ ਉਹ ਆਪਣੇ ਪਿੰਡ ਦੇ ਸਰਪੰਚ-ਪੰਚ, ਨੰਬਰਦਾਰ ਨੂੰ ਨਾਲ ਲੈ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਖੇਡਾਂ ਤੇ ਸਿੱਖਿਆ ਸਮੇਂ ਦੀਆਂ ਮੁੱਖ ਲੋੜਾਂ ਹਨ | ਇਸ ਲਈ ਸਾਡਾ ਯਤਨ ਰਹੇਗਾ ਕਿ ਕਿਸੇ ਵੀ ਪਿੰਡ ਦਾ ਕੋਈ ਵੀ ਬੱਚਾ ਸਿੱਖਿਆ ਤੇ ਖੇਡਾਂ ਤੋਂ ਵਾਂਝਾ ਨਾ ਰਹੇ | ਇਸ ਮੌਕੇ ਬਾਬਾ ਰਣਵੀਰ ਸਿੰਘ, ਜਗਦੀਸ਼ ਸਿੰਘ ਦੀਸਾ, ਮੇਵਾ ਸਿੰਘ ਖਿਜ਼ਰਾਬਾਦ, ਅੱਛਰ ਸਿੰਘ ਕੰਸਾਲਾ ਵੀ ਹਾਜ਼ਰ ਸਨ |