ਡੇਰਾਬਸੀ, 1 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਾਸੀਆਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ | ਇਤਿਹਾਸ 'ਚ ਪਹਿਲੀ ਵਾਰ ਸ਼ਹਿਰ 'ਚ ਮੁਫ਼ਤ ਪੀਣ ਵਾਲੇ ਪਾਣੀ ਦੀ ਹੋਮ ਡਿਲਿਵਰੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਉਪਰਾਲਾ ਗੁਰਨਾਮ ਸਿੰਘ ਸੈਣੀ ਮੈਮੋਰੀਅਲ ਟਰੱਸਟ ਵਲੋਂ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਕੀਤਾ ਗਿਆ ਹੈ | ਟਰੱਸਟ ਦੇ ਚੇਅਰਮੈਨ ਤੇ ਸਮਾਜ ਸੇਵੀ ਗੁਰਦਰਸ਼ਨ ਸੈਣੀ ਨੇ ਪਰਿਵਾਰ ਸਮੇਤ ਅਰਦਾਸ ਕਰਕੇ ਇਸ ਸੇਵਾ ਦਾ ਸ਼ੁਭਾਰੰਭ ਕੀਤਾ | ਇਹ ਸੇਵਾ ਨਿਰੰਤਰ 24 ਘੰਟੇ ਤੱਕ ਉਪਲੱਬਧ ਰਹੇਗੀ ਤੇ ਕਿਸੇ ਵੀ ਘਰ ਤੱਕ ਸਾਫ਼ ਤੇ ਪੀਣਯੋਗ ਪਾਣੀ ਮੁਫ਼ਤ ਪਹੁੰਚਾਇਆ ਜਾਵੇਗਾ | ਚਾਰ ਨਵੇਂ ਵਾਟਰ ਟੈਂਕਰ, ਦੋ ਟਰੈਕਟਰ ਤਿਆਰ ਇਸ ਜਲ ਸੇਵਾ ਲਈ ਟਰੱਸਟ ਵਲੋਂ ਖਾਸ ਤੌਰ 'ਤੇ ਚਾਰ ਨਵੇਂ ਵਾਟਰ ਟੈਂਕਰ ਤਿਆਰ ਕਰਵਾਏ ਗਏ ਹਨ | ਦੋ ਟੈਂਕਰ 3200 ਲੀਟਰ ਸਮਰੱਥਾ ਵਾਲੇ ਹਨ ਤੇ ਦੋ 1500 ਲੀਟਰ ਦੇ | ਇਨ੍ਹਾਂ ਨੂੰ ਚਲਾਉਣ ਲਈ ਦੋ ਟਰੈਕਟਰ ਵੀ ਟਰੱਸਟ ਵਲੋਂ ਮੁਹੱਈਆ ਕਰਵਾਏ ਗਏ ਹਨ, ਜੋ ਸੇਵਾ ਲਈ ਤਿਆਰ ਰਹਿਣਗੇ | ਇਹ ਪੀਣਯੋਗ ਪਾਣੀ 1300 ਫੁੱਟ ਡੂੰਘੇ ਟਿਊਬਵੈੱਲ ਤੋਂ ਭਰਿਆ ਜਾਵੇਗਾ, ਜਿਸ ਦੀ ਪੂਰੀ ਸਫ਼ਾਈ ਤੇ ਗੁਣਵੱਤਾ ਦੀ ਜ਼ਿੰਮੇਵਾਰੀ ਟਰੱਸਟ ਨੇ ਆਪਣੇ ਸਿਰ ਲੈ ਲਈ ਹੈ | ਸੇਵਾ ਲੈਣ ਲਈ ਹੈਲਪਲਾਈਨ ਨੰਬਰ 78371-68550 'ਤੇ ਇਕ ਕਾਲ ਕਰਨੀ ਹੋਵੇਗੀ | ਟਰੱਸਟ ਦੇ ਮੁਖੀ ਤੇ ਇੰਜੀਨੀਅਰ ਗੁਰਦਰਸ਼ਨ ਸੈਣੀ ਨੇ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ ਸੈਣੀ ਦੀ ਸਮਾਜ ਸੇਵਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ | ਸੈਣੀ ਪਰਿਵਾਰ ਦੇ ਤਿੰਨ ਪੀੜ੍ਹੀਆਂ ਪੁੱਤਰ, ਪੋਤੇ ਤੇ ਪੜਪੋਤੇ ਇਸ ਟਰੱਸਟ ਦੇ ਕੰਮ 'ਚ ਸ਼ਾਮਿਲ ਹਨ | ਜਿਵੇਂ ਹੀ ਸੇਵਾ ਦਾ ਐਲਾਨ ਹੋਇਆ, ਸ਼ਹਿਰ ਦੇ ਕਈ ਵਾਰਡਾਂ 'ਚ ਰਹਿਣ ਵਾਲੇ ਨਿਵਾਸੀਆਂ ਨੇ ਆਪਣੇ-ਆਪਣੇ ਮੁਹੱਲਿਆਂ ਲਈ ਟੈਂਕਰ ਬੁੱਕ ਕਰਵਾ ਲਏ | ਲੋਕਾਂ ਵਲੋਂ ਇਸ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਤੇ ਸਥਾਨਕ ਲੋਕ ਵੀ ਹਾਜ਼ਰ ਸਨ | ਸਭ ਨੇ ਸੈਣੀ ਪਰਿਵਾਰ ਦੀ ਇਸ ਮਿਸਾਲੀ ਪੇਸ਼ਕਸ਼ ਲਈ ਦਿਲੋਂ ਧੰਨਵਾਦ ਕੀਤਾ |