ਪੰਚਕੁਲਾ, 1 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਦੇ ਵੱਖ-ਵੱਖ ਖੇਤਰਾਂ 'ਚ ਕੱਲ੍ਹ ਦੇਰ ਰਾਤ ਤੋਂ ਪੈ ਰਹੇ ਮੀਂਹ ਕਰਕੇ ਘੱਗਰ ਨਦੀ 'ਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ, ਜਿਸ ਦੇ ਮੱਦੇਨਜ਼ਰ ਪੰਚਕੂਲਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ 'ਚ ਅਲਰਟ ਜਾਰੀ ਕੀਤਾ ਗਿਆ ਹੈ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਿਹਾ ਜਾਵੇ | ਮੌਸਮ ਵਿਭਾਗ ਵਲੋਂ ਲਗਾਤਾਰ ਤਿੰਨ ਦਿਨਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਦੌਰਾਨ ਭਾਰੀ ਬਰਸਾਤ ਹੋਵੇਗੀ | ਪੰਚਕੂਲਾ ਜ਼ਿਲ੍ਹੇ 'ਚੋਂ ਲੰਘਣ ਵਾਲੀ ਘੱਗਰ ਨਦੀ, ਜਿਸ 'ਚ ਕਈਆਂ ਛੋਟੀਆਂ ਵੱਡੀਆਂ ਨਦੀਆਂ ਦਾ ਪਾਣੀ ਸ਼ਾਮਿਲ ਹੁੰਦਾ ਹੈ, 'ਚ ਇਸ ਸਮੇਂ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੋਇਆ ਹੈ ਅਤੇ ਤੇਜ ਵਹਾਅ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਨਦੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ | ਪਿਛਲੇ ਕਈ ਸਾਲਾਂ 'ਚ ਜਦੋਂ ਵੀ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੈ ਤਾਂ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ | ਪ੍ਰਸ਼ਾਸਨ ਵਲੋਂ ਲਗਾਤਾਰ ਨਦੀਆਂ-ਨਾਲਿਆਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ | ਫ਼ਿਲਹਾਲ ਪੰਚਕੂਲਾ 'ਚ ਹੜ੍ਹ ਵਰਗੀ ਸਥਿਤੀ ਨਹੀਂ ਹੈ, ਪਰ ਜੇਕਰ ਭਵਿੱਖ 'ਚ ਬਰਸਾਤ ਹੁੰਦੀ ਹੈ ਤਾਂ ਹਾਲਤ ਬਦਲ ਸਕਦੀ ਹੈ | ਪੰਚਕੂਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਚਕੂਲਾ ਪੁਲਿਸ ਵੀ ਨਦੀ ਦੇ ਕਿਨਾਰਿਆਂ 'ਤੇ ਨਿਗਰਾਨੀ ਕਰ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਨਦੀ ਦੇ ਨੇੜੇ ਨਾ ਜਾਵੇ ਕਿਉਂਕਿ ਕਦੇ ਵੀ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ ਅਤੇ ਵੱਡਾ ਹਾਦਸਾ ਹੋ ਸਕਦਾ ਹੈ | ਪੁਲਿਸ ਅਧਿਕਾਰੀਆਂ ਵਲੋਂ ਸਾਰੇ ਥਾਣਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਜਿਥੇ ਵੀ ਨਦੀਆਂ ਅਤੇ ਨਾਲੇ ਹਨ, ਉਥੇ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇ | ਪੰਚਕੂਲਾ ਦੇ ਪਹਾੜੀ ਖੇਤਰ ਮੋਰਨੀ 'ਚ ਵੀ ਕਈ ਛੋਟੀਆਂ-ਵੱਡੀਆਂ ਨਦੀਆਂ ਦੇ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆ ਰਹੀਆਂ ਹਨ | ਮੋਰਨੀ ਤੋਂ ਕਈ ਵੀਡੀਓ ਸਾਹਮਣੇ ਆਈਆਂ ਹਨ, ਜਿਥੇ ਕਿ ਪੁਲਾਂ ਦੇ ਉਪਰੋਂ ਦੀ ਪਾਣੀ ਵੱਗ ਰਿਹਾ ਹੈ, ਜਦਕਿ ਕੁਝ ਪੁਲ ਵੀ ਨੁਕਸਾਨੇ ਗਏ ਹਨ | ਇਸ ਤੋਂ ਇਨਾਵਾ ਕੁਝ ਪਿੰਡਾਂ 'ਚ ਲੋਹੇ ਦੇ ਪੁਲ ਵੀ ਵਹਿ ਗਏ ਹਨ | ਮੋਰਨੀ ਦੇ ਪਹਾੜੀ ਖੇਤਰ 'ਚ ਚੱਲਣ ਵਾਲੀਆਂ ਬੱਸਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਅੱਜ ਇਕ ਬੱਸ ਡਰਾਈਵਰ ਦੀ ਸੂਝ-ਬੂਝ ਕਾਰਨ ਖਾਈ 'ਚ ਡਿੱਗਣ ਤੋਂ ਬਚ ਗਈ |