ਜ਼ੀਰਕਪੁਰ, 1 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਜ਼ੀਰਕਪੁਰ-ਅੰਬਾਲਾ ਰੋਡ 'ਤੇ ਸਥਿਤ ਇਕ ਨਾਮੀ ਹੋਟਲ ਵਿਚ ਹੰਗਾਮਾ ਕਰਨ, ਹੋਟਲ ਵਿਚ ਇਕ ਮਹਿਲਾ ਦੀ ਚੋਰੀ-ਛੁਪੇ ਵੀਡੀਓ ਬਣਾਉਣ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ਾਂ ਹੇਠ ਸ਼ਰਾਬ ਦੇ ਠੇਕੇਦਾਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹੋਟਲ ਮਾਲਿਕ ਨੇ ਦੱਸਿਆ ਕਿ ਮਾਮਲੇ ਦਾ ਮੁੱਖ ਦੋਸ਼ੀ ਵਿਵੇਕ ਜੈਨ ਵਾਸੀ ਗਲੀ ਨੰਬਰ-2 ਆਦਰਸ਼ ਨਗਰ ਡੇਰਾਬੱਸੀ ਸ਼ੁੱਕਰਵਾਰ ਨੂੰ ਆਪਣੇ 3-4 ਸਾਥੀਆਂ ਸਮੇਤ ਨਸ਼ੇ ਦੀ ਹਾਲਤ ਵਿਚ ਹੋਟਲ ਪਹੁੰਚਿਆ ਅਤੇ ਉਹ ਮਿਊਜ਼ਿਕ ਨਾਈਟ ਦੌਰਾਨ ਇਕ ਮਹਿਲਾ 'ਤੇ ਨਜ਼ਰ ਰੱਖਦੇ ਹੋਏ ਉਹ ਉਸ ਦੀ ਵੀਡੀਓ ਬਣਾਉਣ ਲੱਗ ਪਿਆ | ਜਦੋਂ ਹੋਟਲ ਸਟਾਫ਼ ਤੇ ਸੁਰੱਖਿਆ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਵੀਡੀਓ ਮਿਟਾਉਣ ਤੋਂ ਮਨ੍ਹਾ ਕਰ ਦਿੱਤਾ | ਸਥਿਤੀ ਵਿਗੜਣ 'ਤੇ ਹੋਟਲ ਮਾਲਕ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਤੇ ਉਸ ਦੇ ਸਾਥੀ ਹੱਥੋਂਪਾਈ 'ਤੇ ਉਤਰ ਆਏ | ਇਸ ਦੌਰਾਨ ਵਿਵੇਕ ਜੈਨ ਦਾ ਇਕ ਸਾਥੀ ਮਹਿਲਾ ਦੇ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਵੀ ਕਰਦਾ ਰਿਹਾ | ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਜਾਂਦੇ ਸਮੇਂ ਮੁਲਜ਼ਮਾਂ ਨੇ ਹੋਟਲ ਮਾਲਕ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਮਹਿਲਾ ਦੀ ਵੀਡੀਓ ਨਾਲ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਨ ਦੀ ਧਮਕੀ ਵੀ ਦਿੱਤੀ | ਹੋਟਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੁਲਜ਼ਮਾਂੲ ਪਹਿਲਾਂ ਵੀ ਹੋਟਲ ਦੀ ਮਹਿਲਾ ਕਰਮਚਾਰੀਆਂ ਨਾਲ ਛੇੜਛਾੜ ਕਰ ਚੁੱਕਾ ਹੈ, ਪਰ ਮਾਮਲਾ ਵਧਣ ਤੋਂ ਬਚਣ ਲਈ ਕਦੇ ਸ਼ਿਕਾਇਤ ਨਹੀਂ ਕੀਤੀ ਗਈ |